ਮਨਜੀਤ ਸਿੰਘ ਲੇਲ੍ਹ, ਅਹਿਮਦਗੜ੍ਹ : ਸਥਾਨਕ ਸ਼ਹਿਰ ਵਿਖੇ ਨਵੇਂ ਬਣ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹਲਕੇ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਪਾਰਟੀ ਵਰਕਰਾਂ ਨਾਲ ਦੌਰਾ ਕਰਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਸਮੇਂ ਧੀਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਇਹ ਸਕੂਲ ਬਣਨਾ ਸ਼ੁਰੂ ਹੋਇਆ ਸੀ। ਜਿਸ ਦਾ ਚੋਣਾਂ ਕਰਕੇ ਕੰਮ ਰੁੱਕ ਗਿਆ ਸੀ। ਪਰ ਹੁਣ ਇਸ ਦੀ ਬਾਕੀ ਗ੍ਾਂਟ ਜਾਰੀ ਕਰਵਾ ਕੇ ਦੁਬਾਰਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਬਣਨਾ ਹੈ। ਜਿਸ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਤੇ ਜਲਦੀ ਹੀ ਇਸ ਕੰਮ ਨੂੰ ਪੂਰਾ ਕਰਕੇ ਬੱਚਿਆਂ ਲਈ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਧੀਮਾਨ ਨੇ ਸ਼ਹਿਰ ਦੀ ਗੱਲਾ ਮੰਡੀ ਵਾਲੀ ਸੜਕ ਜੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਬਣੀ ਸੀ ਉਸਦਾ ਵੀ ਉਨ੍ਹਾਂ ਜਾਇਜ਼ਾ ਲਿਆ।

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਗੰਦੇ ਪਾਣੀ ਦੀ ਸਮੱਸਿਆ ਮੇਰੇ ਸਮੇਂ ਸ਼ੁਰੂ ਨਹੀਂ ਹੋਈ ਇਹ ਸਮੱਸਿਆ ਪਿਛਲੇ ਕਰੀਬ ਤਿੰਨ ਦਹਾਕਿਆਂ ਦੀ ਹੈ। ਪਰ ਮੈਂ ਇਸ ਦੇ ਹੱਲ ਲਈ ਪੂਰਾ ਤੱਤਪਰ ਹਾਂ। ਉਨ੍ਹਾਂ ਦੱਸਿਆ ਕਿ ਟਰੀਟਮੈਂਟ ਪਲਾਂਟ ਲਾਉਣ ਲਈ ਸੰਗਰੂਰ ਜ਼ਿਲ੍ਹੇ ਵਿਚ ਪੰਜ ਟੈਂਡਰ ਕੱਢੇ ਗਏ ਸਨ ਪਰ ਕਿਸੇ ਵੀ ਕੰਪਨੀ ਵੱਲੋਂ ਟੈਂਡਰ ਨਹੀਂ ਪਾਏ ਗਏ ਕਿਉਂਕਿ ਇਨ੍ਹਾਂ ਟੈਂਡਰਾਂ ਵਿੱਚ ਜੋ ਸ਼ਰਤਾਂ ਸਨ ਉਹ ਕਾਫ਼ੀ ਸਖ਼ਤ ਸਨ। ਹੁਣ ਸਬੰਧਿਤ ਵਿਭਾਗ ਨੂੰ ਕਹਿ ਕੇ ਇਨ੍ਹਾਂ ਸ਼ਰਤਾਂ ਨੂੰ ਨਰਮ ਕੀਤਾ ਗਿਆ ਹੈ। ਇਸ ਮੌਕੇ ਅਹਿਮਦਗੜ੍ਹ ਦੇ ਐੱਸਐਚੱਓ ਅਮਨਦੀਪ ਕੌਰ, ਨਗਰ ਕੌਂਸਲ ਪ੍ਰਧਾਨ ਸੁਰਾਜ ਮੁਹੰਮਦ, ਵਿੱਕੀ ਟੰਡਨ, ਜਤਿੰਦਰ ਕੁਮਾਰ ਭੋਲਾ, ਰਿਸ਼ੀ ਜੋਸ਼ੀ, ਕੇਦਾਰ ਕਪਿਲਾ, ਤੇਜੀ ਕਮਾਲਪੁਰ ਸਿਆਸੀ ਸਕੱਤਰ ਧੀਮਾਨ, ਬਿੱਟਾ ਪੀਏ ਧੀਮਾਨ, ਜਗਦੇਵ ਬੋਪਾਰਾਏ, ਈਓ ਚੰਦਰ ਪ੍ਰਕਾਸ਼ ਵੀ ਹਾਜ਼ਰ ਸਨ।