ਪਰਦੀਪ ਸਿੰਘ ਕਸਬਾ, ਸੰਗਰੂਰ : ਨੇੜਲੇ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਪਰਿਵਾਰ ਦੇ ਨਾਲ ਸਬੰਧਿਤ ਵਿਅਕਤੀ ਦੀ ਪੁਰਾਣੀ ਰੰਜਿਸ਼ ਕਾਰਨ ਇਕ ਮਕਾਨ ਵਿਚ ਲਿਜਾ ਕੇ ਥਮ੍ਹਲੇ ਨਾਲ ਬੰਨ੍ਹ ਕੇ ਤਿੰਨ ਘੰਟੇ ਤਕ ਰਾਡਾਂ ਅਤੇ ਲਾਠੀਆਂ ਨਾਲ ਕੁੱਟਿਆ ਅਤੇ ਉਸ ਦੇ ਪੱਟਾਂ ਦੇ ਮਾਸ ਨੂੰ ਖਿੱਚਿਆ ਗਿਆ। ਮੌਕੇ 'ਤੇ ਪੁੱਜੇ ਲੋਕਾਂ ਨੇ ਉਸ ਦੀ ਜਾਨ ਬਚਾਈ।

ਫਿਰ ਉਸ ਵਿਅਕਤੀ ਨੂੰ ਉਨ੍ਹਾਂ ਵਿਅਕਤੀਆਂ ਤੋਂ ਛੁਡਵਾ ਕੇ ਘਰ ਭੇਜ ਦਿੱਤਾ ਗਿਆ। ਇਹ ਘਟਨਾ 7 ਨਵੰਬਰ ਦੀ ਹੈ। ਜਿਸ ਤੋਂ ਬਾਅਦ ਨੌਜਵਾਨ ਇਲਾਜ ਲਈ ਹਸਪਤਾਲਾਂ ਵਿਚ ਧੱਕੇ ਖਾ ਰਿਹਾ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੀੜਤ ਨੌਜਵਾਨ ਪੀਜੀਆਈ ਚੰਡੀਗੜ੍ਹ ਵਿਚ ਦਾਖ਼ਲ ਹੈ।

37 ਸਾਲਾ ਪੀੜਤ ਜਗਮੇਲ ਸਿੰਘ ਪੁੱਤਰ ਪ੍ਰਰੀਤਮ ਸਿੰਘ ਵਾਸੀ ਚੰਗਾਲੀਵਾਲਾ ਨੇ ਦੱਸਿਆ ਕਿ 21 ਅਕਤੂਬਰ ਨੂੰ ਪਿੰਡ ਦੇ ਕੁਝ ਵਿਅਕਤੀਆਂ ਨਾਲ ਉਸ ਦਾ ਝਗੜਾ ਹੋ ਗਿਆ ਸੀ ਬਾਅਦ ਵਿਚ ਉਨ੍ਹਾਂ ਵਿਚਕਾਰ ਆਪਸੀ ਰਾਜ਼ੀਨਾਮਾ ਵੀ ਹੋ ਗਿਆ ਸੀ। 7 ਨਵੰਬਰ ਨੂੰ ਜਦੋਂ ਪਿੰਡ ਦੇ ਪੰਚ ਗੁਰਦਿਆਲ ਸਿੰਘ ਦੇ ਘਰ ਬੈਠਾ ਸੀ ਤੇ ਉੱਥੇ ਰਿੰਕੂ, ਲੱਕੀ, ਗੋਲੀ, ਬਿੱਟਾ ਤੇ ਬਿੰਦਰ ਆਏ।

ਉਸ ਨੂੰ ਕਿਹਾ ਕਿ ਚੱਲ ਤੈਨੂੰ ਦਵਾਈ ਦੁਆ ਦਿੰਦੇ ਹਾਂ ਅਤੇ ਅਸੀਂ ਸਾਰੇ ਤੇਰੇ ਨਾਲ ਚੱਲਦੇ ਹਾਂ। ਦਵਾਈ ਦੁਆ ਕੇ ਤੈਨੂੰ ਵਾਪਸ ਛੱਡ ਜਾਵਾਂਗੇ । ਇਸ ਤੋਂ ਬਾਅਦ ਰਿੰਕੂ ਅਤੇ ਬਿੱਟਾ ਨੇ ਉਸ ਨੂੰ ਦਵਾਈ ਦੁਆਉਣ ਲਈ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਉਸ ਨੂੰ ਰਿੰਕੂ ਦੇ ਘਰ ਲੈ ਗਏ ਜਿੱਥੇ ਅਮਰਜੀਤ ਸਿੰਘ ਪਹਿਲਾਂ ਹੀ ਮੌਜੂਦ ਸੀ। ਰਿੰਕੂ, ਬਿੱਟਾ ਅਤੇ ਅਮਰਜੀਤ ਸਿੰਘ ਨੇ ਉਸ ਨੂੰ ਜ਼ਬਰਦਸਤੀ ਘਰ 'ਚ ਥਮ੍ਹਲੇ ਨਾਲ ਬੰਨ੍ਹ ਲਿਆ ਤੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

21 ਅਕਤੂਬਰ ਨੂੰ ਹੋਏ ਝਗੜੇ ਦੀ ਰੰਜਿਸ਼ ਕਾਰਨ ਉਸ ਨਾਲ ਇਹ ਕੁੱਟਮਾਰ ਕੀਤੀ ਗਈ ਜਿਸ ਵਿਚ ਉਹ ਬੇਸੁੱਧ ਹੋ ਗਿਆ। ਏਨੇ ਨੂੰ ਲਾਡੀ ਉੱਥੇ ਪਹੁੰਚਿਆ ਉਸ ਨੇ ਜਾਨ ਬਚਾਈ ਅਤੇ ਉਸ ਨੂੰ ਆਪਣੇ ਘਰ ਭੇਜ ਦਿੱਤਾ। ਤਿੰਨ ਦਿਨ ਤਕ ਉਸ ਨੇ ਆਪਣਾ ਸਿਵਲ ਹਸਪਤਾਲ ਇਲਾਜ ਕਰਵਾਇਆ ਪਰ ਹਸਪਤਾਲ ਵਿਚ ਦਾਖ਼ਲ ਨਹੀਂ ਹੋਇਆ । ਫਿਰ ਉਸ ਦੀ ਪਤਨੀ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਪੈਸੇ ਨਹੀਂ ਸਨ, ਯੂਥ ਪਾਵਰ ਨੇ ਕਰਵਾਇਆ ਇਲਾਜ

ਮਜ਼ਦੂਰੀ ਦਾ ਕੰਮ ਕਰਨ ਵਾਲੇ ਜਗਮੇਲ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੋਣ ਕਾਰਨ ਪਰਿਵਾਰ ਦੇ ਕੋਲ ਉਸ ਦੇ ਇਲਾਜ ਲਈ ਪੈਸੇ ਨਹੀਂ ਸਨ । ਗੰਭੀਰ ਹਾਲਤ ਕਾਰਨ ਹਸਪਤਾਲ ਵਿਚ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦੇ ਕੋਲ ਸਿਰਫ਼ ਇਕ ਹਜ਼ਾਰ ਰੁਪਏ ਸਨ।

ਯੂਥ ਪਾਵਰ ਸੰਗਰੂਰ ਦੇ ਪ੍ਰਤੀਨਿਧ ਵਿਕਰਮਜੀਤ ਸਿੰਘ ਸਿੱਧੂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਜਿੱਥੇ ਉਸ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਇਲਾਜ ਅਧੀਨ ਹੈ।

ਐੱਸਸੀਐੱਸਟੀ ਐਕਟ ਤਹਿਤ ਮੁਕੱਦਮਾ

ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਜਗਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਮਰਜੀਤ ਸਿੰਘ, ਲੱਕੀ, ਬਿੱਟਾ, ਉਰਫ਼ ਬਿੰਦਰ ਨਿਵਾਸੀ ਚੰਗਾਲੀਵਾਲਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਤੇ ਐੱਸਸੀ ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ 'ਤੇ ਚੱਲਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਮੁਲਜ਼ਮ ਅਜੇ ਫ਼ਰਾਰ ਹਨ ਜਿਨ੍ਹਾਂ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਐੱਸਸੀ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ

ਐੱਸਸੀ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੇ ਇਸ ਮਾਮਲੇ ਤੇ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਅਣਸੂਚਿਤ ਜਾਤੀ ਨਾਲ ਸਬੰਧਤ ਪਰਿਵਾਰ ਦੇ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਫਿਰ ਅਣਮਨੁੱਖੀ ਵਿਹਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਨਿਚਰਵਾਰ ਨੂੰ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਸਾਰੀ ਜਾਣਕਾਰੀ ਪ੍ਰਰਾਪਤ ਕੀਤੀ ਜਾਵੇਗੀ।