ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਜ਼ਿਲ੍ਹੇ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਪਲਾਸਟਿਕ ਮੁਕਤ ਬਣਾਉਣ ਲਈ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਹੋਰਨਾ ਅਧਿਕਾਰੀਆਂ ਤੇ ਐੱਨਐੱਸਐੱਸ ਵਲੰਟੀਅਰਾਂ ਨਾਲ ਮਿਲ ਕੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਐੱਸਡੀਐੱਮ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਜੈ ਭਾਸਕਰ ਨੇ ਵਲੰਟੀਅਰਾਂ ਤੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਹੋਰਨਾਂ ਵੱਖ-ਵੱਖ ਥਾਂਵਾਂ 'ਤੇ ਵੀ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਪ੍ਰਰੇਰਿਤ ਕਰਨ ਲਈ ਸਫ਼ਾਈ ਮੁਹਿੰਮ ਸ਼ੁਰੂ ਕਰਵਾਈ ਗਈ।

ਡੀਸੀ ਨੇ ਦੱਸਿਆ ਕਿ ਲੋਕਾਂ ਨੂੰ ਪਲਾਸਟਿਕ ਤੋਂ ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਸਾਰੇ ਜਨਤਕ ਸਥਾਨਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ ਤੇ ਪਿੰਡਾਂ ਤੇ ਸ਼ਹਿਰਾਂ 'ਚ ਵੱਡੀ ਪੱਧਰ 'ਤੇ ਸਫ਼ਾਈ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਜਾਗਰੂਕਤਾ ਬੈਨਰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਜਨ ਅੰਦੋਲਨ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਤੇ ਆਲ਼ੇ-ਦੁਆਲ਼ੇ ਨੂੰ ਸਾਫ਼-ਸੁਥਰਾ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਐੱਸਡੀਐੱਮ ਬਰਨਾਲਾ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਵਿਜੈ ਭਾਸਕਰ, ਪ੍ਰਰੋਗਰਾਮ ਅਫ਼ਸਰ ਪੰਕਜ ਗੋਇਲ, ਪ੍ਰਰੋਗਰਾਮ ਅਫ਼ਸਰ ਰੇਨੂ ਮਿੱਤਲ, ਸੁਪਰਡੈਂਟ ਹਰਪ੍ਰਰੀਤ ਸਿੰਘ ਸਮੇਤ ਨਗਰ ਕੌਂਸਲ ਬਰਨਾਲਾ ਦੇ ਕਰਮਚਾਰੀ ਤੇ ਐੱਨਐੱਸਐੱਸ ਦੇ ਵਲੰਟੀਅਰ ਵੀ ਹਾਜ਼ਰ ਸਨ।