ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਅਗਲੀ ਫ਼ਸਲ ਸਮੇਂ ਸਿਰ ਬੀਜਣ ਤੇ ਖੇਤ ਤਿਆਰ ਕਰਨ ਲਈ ਖੇਤਾਂ 'ਚ ਬਾਕੀ ਬੱਚਦੀ ਰਹਿੰਦ-ਖੂਹੰਦ ਨੂੰ ਲਾਈ ਜਾਂਦੀ ਅੱਗ ਦੇ ਮਾੜੇ ਰੁਝਾਨ ਪ੍ਰਤੀ ਕਿਸਾਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਤੋਂ ਤਿੰਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨਾਂ ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡ ਪਹਿਲੇ ਫੇਜ 'ਚ ਕਵਰ ਕਰਨਗੀਆਂ। ਇਨ੍ਹਾਂ ਵੈਨਾਂ 'ਚ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਕਿਸਾਨਾਂ ਨੂੰ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਰੇਰਿਤ ਕਰਨਗੇ ਤੇ ਲੋੜੀਂਦਾ ਲਿਟਰੇਚਰ ਵੀ ਕਿਸਾਨਾਂ ਨੂੰ ਵੰਡਿਆ ਜਾਵੇਗਾ।

ਉਨ੍ਹਾਂ ਕਿਸਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਜ਼ਹਿਰੀਲੇ ਧੰੂਏ ਨਾਲ ਮੁਨੱਖੀ ਸਿਹਤ, ਬਨਸਪਤੀ ਤੇ ਪਸ਼ੂ ਪੰਛੀਆਂ 'ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਚਮੜੀ ਰੋਗ, ਸਾਹ, ਦਮਾ, ਹਾਰਟ ਅਟੈਕ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਮਿੱਟੀ ਉਪਜਾਊ ਸ਼ਕਤੀ ਘੱਟਦੀ ਹੈ, ਜਿਸ ਕਾਰਨ ਸਾਨੂੰ ਵਧੇਰੇ ਖਾਦਾਂ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਵਾਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕੀਤੀ ਹੈ, ਉਨ੍ਹਾਂ ਕਿਸਾਨਾਂ ਦੇ ਖੇਤਾਂ ਦੀ ਮੌਨੀਟਰਿੰਗ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ 'ਤੇ ਖੇਤਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਇਸ ਮੌਕੇ ਖੁਸ਼ਹਾਲੀ ਦੇ ਰਾਖੇ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।