ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹੋਈਆਂ ਸਨ ਕਿ ਕੁਝ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੀਟ ਛੱਡ ਕੇ ਚਲੇ ਜਾਂਦੇ ਹਨ ਅੱਜ ਅਚਾਨਕ ਕੰਪਲੈਕਸ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਦੀ ਕਹੀ ਹੋਈ ਗੱਲ ਸੱਚ ਸਾਬਤ ਹੋਈ ਹੈ ਕਈ ਮੁਲਾਜ਼ਮ 5 ਵਜੇ ਤੋਂ ਪਹਿਲਾਂ ਹੀ ਸੀਟਾਂ ਛੱਡ ਕੇ ਘਰ ਨੂੰ ਚਲੇ ਜਾ ਰਹੇ ਸਨ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਦਿੜ੍ਹਬਾ ਦਾ ਬਣਿਆ ਸਬ ਡਵੀਜ਼ਨਲ ਕੰਪਲੈਕਸ ਅੰਦਰ ਲਗਪਗ ਸਾਰੇ ਹੀ ਸਬ ਡਵੀਜ਼ਨ ਪੱਧਰ ਦੇ ਦਫਤਰ ਇਸ ਕੰਪਲੈਕਸ ਦੇ ਵਿੱਚ ਹਨ। ਕੰਪਲੈਕਸ ਦੇ ਉਦਘਾਟਨ ਤੋਂ ਬਾਅਦ ਪਹਿਲੀ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰੀਬ ਚਾਰ ਵੱਜ ਕੇ 15 ਮਿੰਟ ਤੇ ਦੌਰਾ ਕੀਤਾ। ਜਦੋਂ ਉਹ ਕੰਪਲੈਕਸ ਦੇ ਮੇਨ ਗੇਟ ਤੋਂ ਅੰਦਰ ਹੋਏ ਤਾਂ ਉਹਨਾਂ ਦੇਖਿਆ ਕਿ ਕੁਝ ਮੁਲਾਜ਼ਮ ਆਪਣੇ ਬੈਗ ਅਤੇ ਲੰਚ ਬਾਕਸ ਲੈ ਕੇ ਵਾਪਸ ਘਰਾਂ ਵੱਲ ਜਾ ਰਹੇ ਸਨ।
ਚੀਮਾ ਵੱਲੋਂ ਸਾਰੇ ਹੀ ਦਫ਼ਤਰਾਂ ਦਾ ਦੌਰਾ ਕੀਤਾ ਗਿਆ। ਉਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਅਤੇ ਕਈ ਮੁਲਾਜ਼ਮ ਗੇਟ ਤੋਂ ਵਾਪਸ ਮੁੜ ਕੇ ਆਪੋ ਆਪਣੀਆਂ ਕੁਰਸੀਆਂ 'ਤੇ ਪਹੁੰਚੇ ਪਰ ਫਿਰ ਵੀ ਕਈ ਕੁਰਸੀਆਂ ਮੁਲਾਜ਼ਮਾਂ ਤੋਂ ਬਿਨਾਂ ਖਾਲੀ ਪਈਆਂ ਗਈਆਂ। ਇਸ ਕੰਪਲੈਕਸ ਅੰਦਰ ਐੱਸਡੀਐੱਮ ਦਾ ਦਫ਼ਤਰ, ਤਹਿਸੀਲ ਦਾ ਦਫ਼ਤਰ, ਬੀਡੀਪੀਓ ਦਫ਼ਤਰ, ਡੀਐੱਸਪੀ ਦਾ ਦਫ਼ਤਰ ਅਤੇ ਸੀਡੀਪੀਓ ਦਾ ਦਫ਼ਤਰ ਮੌਜੂਦ ਹਨ। ਉਹਨਾਂ ਵੇਖਿਆ ਕਿ ਕਈ ਕੁਰਸੀਆਂ ਪੰਜ ਵੱਜਣ ਤੋਂ ਪਹਿਲਾਂ ਹੀ ਖਾਲੀ ਹੋ ਚੁੱਕੀਆਂ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹੋਈਆਂ ਸਨ ਕਿ ਕੁਝ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੀਟ ਛੱਡ ਕੇ ਚਲੇ ਜਾਂਦੇ ਹਨ ਅੱਜ ਅਚਾਨਕ ਕੰਪਲੈਕਸ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਦੀ ਕਹੀ ਹੋਈ ਗੱਲ ਸੱਚ ਸਾਬਤ ਹੋਈ ਹੈ ਕਈ ਮੁਲਾਜ਼ਮ 5 ਵਜੇ ਤੋਂ ਪਹਿਲਾਂ ਹੀ ਸੀਟਾਂ ਛੱਡ ਕੇ ਘਰ ਨੂੰ ਚਲੇ ਜਾ ਰਹੇ ਸਨ। ਉਹਨਾਂ ਖੁਦ ਦੇਖਿਆ ਹੈ ਕਿ ਕੰਪਲੈਕਸ ਦੇ ਮੇਨ ਗੇਟ ਤੋਂ ਜਦੋਂ ਉਹਨਾਂ ਗੱਡੀ ਵੇਖੀ ਤਾਂ ਵਾਪਸ ਭੱਜਦੇ ਨਜ਼ਰ ਆਏ। ਉਹਨਾਂ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਆਪਣੀਆਂ ਸੀਟਾਂ ਤੋਂ ਗੈਰ ਹਾਜ਼ਰ ਪਾਏ ਗਏ ਹਨ, ਉਹਨਾਂ ਦੀਆਂ ਲਿਸਟਾਂ ਐੱਸਡੀਐੱਮ ਸਾਹਿਬ ਤੋਂ ਮੰਗੀਆਂ ਜਾ ਰਹੀਆਂ ਹਨ ਅਤੇ ਉਹਨਾਂ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੀਮਾ ਨੇ ਅੱਗੇ ਕਿਹਾ ਕਿ ਲੋਕਾਂ ਵੱਲੋਂ ਇਕੱਠੇ ਕੀਤੇ ਗਏ ਟੈਕਸ ਵਿੱਚੋਂ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਇਹ ਤਨਖਾਹ ਇਸ ਲਈ ਦਿੱਤੀ ਜਾਂਦੀ ਹੈ ਕਿ ਉਹ ਲੋਕਾਂ ਦੇ ਕੰਮ ਕਰਨ ਅਤੇ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਸਮਾਂ ਉਹ ਦਫ਼ਤਰ ਦੇ ਵਿੱਚ ਗੁਜ਼ਾਰਨ ਪਰ ਉਹਨਾਂ ਨੂੰ ਵੇਖਣ ਵਿੱਚ ਆਇਆ ਹੈ ਕਿ ਕਈ ਮੁਲਾਜ਼ਮ ਅਣਗਹਿਲੀ ਕਰਦੇ ਹਨ ਅਤੇ ਲੋਕਾਂ ਦੇ ਕੰਮ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹਨਾਂ ਦੀ ਸਰਕਾਰ ਕਦੇ ਵੀ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਕੋਈ ਵੀ ਮੁਲਾਜ਼ਮ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰੇ ਅਤੇ ਡਿਊਟੀ ਸਹੀ ਢੰਗ ਨਾਲ ਨਿਭਾਏ।
ਚੀਮਾ ਨੇ ਅੱਗੇ ਕਿਹਾ ਕਿ ਇਹ ਕੰਪਲੈਕਸ ਦੇ ਅੰਦਰ ਸਾਰੇ ਹੀ ਸਬ ਡਿਵੀਜ਼ਨ ਦੇ ਦਫਤਰ ਇਸ ਕਰਕੇ ਬਣਾਏ ਸਨ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਜੇਕਰ ਫੇਰ ਵੀ ਲੋਕ ਪਰੇਸ਼ਾਨ ਹੋਣਗੇ ਤਾਂ ਉਹਨਾਂ ਦੇ ਖਿ਼ਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਜੋ ਕਿ ਮੁਲਾਜ਼ਮ ਆਪਣੀ ਡਿਊਟੀ ਤੋਂ ਕੁਤਾਹੀ ਕਰਦੇ ਹਨ।