ਬੂਟਾ ਸਿੰਘ ਚੌਹਾਨ, ਸੰਗਰੂਰ : ਸੁਨਾਮ ਸ਼ਹਿਰ 'ਚ ਸਾਈਂ ਕਾਲੋਨੀ 'ਚ ਇਕ ਨੌਜਵਾਨ ਦਾ ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਹਰਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਇਕ ਔਰਤ ਸਮੇਤ ਚਾਰ ਵਿਅਕਤੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਦੋ ਦਿਨ ਬਾਅਦ ਵਿਆਹ ਸੀ ਤੇ ਉਸ ਦੇ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਲੜਕਾ ਸੀ।

ਜਾਣਕਾਰੀ ਦਿੰਦੇ ਹੋਏ ਹਰਦੀਪ ਕੌਰ ਪਤਨੀ ਸਵਰਗੀ ਸੁਖਚੈਨ ਸਿੰਘ ਵਾਸੀ ਸਾਈਂ ਕਾਲੋਨੀ ਸੁਨਾਮ ਨੇ ਦੱਸਿਆ ਕਿ ਉਸ ਦੇ ਬੇਟੇ ਸੁਖਬੀਰ ਸਿੰਘ (25) ਦੇ ਵਿਆਹ ਦੀਆਂ ਘਰ 'ਚ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਇਕ ਲੜਕੀ ਨੇ ਉਸ ਦੇ ਬੇਟੇ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਇਆ ਹੋਇਆ ਸੀ। ਸੁਖਬੀਰ ਦਾ ਕਿਸੇ ਹੋਰ ਜਗ੍ਹਾ ਰਿਸ਼ਤਾ ਹੋਣ ਕਾਰਨ ਉਸ ਦੀ ਪ੍ਰੇਮਿਕਾ ਖ਼ੁਸ਼ ਨਹੀਂ ਸੀ। ਇਸ ਕਾਰਨ ਉਸ ਨੇ ਉਸ ਦੇ ਬੇਟੇ ਦਾ ਕਤਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਕੁਝ ਨੌਜਵਾਨ ਉਸ ਦੇ ਬੇਟੇ ਨੂੰ ਮਾਰਨ ਲਈ ਘਰ ਆਏ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸੁਖਵਿੰਦਰਪਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਤੇ ਦੱਸਿਆ ਕਿ ਸੁਖਬੀਰ ਸਿੰਘ ਦੀ ਲਾਸ਼ ਇਕ ਦਰੱਖਤ ਹੇਠਾਂ ਪਈ ਸੀ ਤੇ ਦਰੱਖਤ 'ਤੇ ਲਟਕ ਰਹੀ ਰੱਸੀ ਟੁੱਟੀ ਹੋਈ ਸੀ।

ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਬੀਰ ਸਿੰਘ ਦੀ ਮਾਤਾ ਹਰਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਮਨ, ਗੱਗੂ, ਉਨ੍ਹਾਂ ਦੀ ਮਾਤਾ ਸਰਬਜੀਤ ਕੌਰ ਪਤਨੀ ਪਤੀ ਜਰਨੈਲ ਸਿੰਘ, ਅੰਕਿਤ ਸ਼ਰਮਾ ਪੁੱਤਰ ਮਨੋਜ ਕੁਮਾਰ ਵਾਸੀ ਮੋਰਾਂਵਾਲੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹÎੀਂ ਹੋਈ ਹੈ।

Posted By: Amita Verma