ਯੋਗੇਸ਼ ਸ਼ਰਮਾ, ਭਦੌੜ :

ਕਈ-ਕਈ ਮਹੀਨਿਆਂ ਦੀਆਂ ਤਨਖ਼ਾਹਾਂ ਨਾ ਮਿਲਣ ਕਾਰਨ ਸਫਾਈ ਸੇਵਕ ਯੂਨੀਅਨ ਭਦੌੜ ਵੱਲੋ ਪਿਛਲੇ ਕਈ ਦਿਨਾਂ ਤੋ ਚੱਲ ਰਹੀ ਹੜਤਾਲ ਕਾਰਨ ਕਸਬੇ ਦੀ ਸਫਾਈ ਦਾ ਬੁਰਾ ਹਾਲ ਹੈ। ਸਫਾਈ ਸੇਵਕ ਯੂਨੀਅਨ ਦੇ ਤਿੰਨ ਸਾਥੀ ਮੋਹਣ ਲਾਲ, ਰਮੇਸ ਕੁਮਾਰ, ਦਰਸਨ ਸਿੰਘ ਪਿਛਲੀ 31 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ ਪਰ ਪ੍ਸ਼ਾਸਨ ਵੱਲੋਂ ਹਾਲੇ ਤਕ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ ਹੈ। ਸਫ਼ਾਈ ਸੇਵਕ ਯੂਨੀਅਨ ਵੱਲੋ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਨੂੰ ਇਸ ਸੰਘਰਸ਼ 'ਚ ਸਾਥ ਦੇਣ ਲਈ ਮੰਗ-ਪੱਤਰ ਦਿੱਤਾ ਗਿਆ ਤੇ ਸਥਾਨਕ ਆਗੂਆਂ ਐਡਵੋਕੇਟ ਕੀਰਤ ਸਿੰਗਲਾ, ਡਾ. ਬਲਵੀਰ ਸਿੰਘ, ਹੇਮ ਰਾਜ ਸ਼ਰਮਾ, ਅਮਨਦੀਪ ਸਿੰਘ ਦੀਪਾ ਸਮੇਤ ਸਾਰੇ ਆਗੂਆਂ ਨੇ ਸਫ਼ਾਈ ਸੇਵਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਲੜਾਈ 'ਚ ਉਨ੍ਹਾਂ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ। ਆਪ ਆਗੂਆਂ ਨੇ ਕਿਹਾ ਕਿ ਕਸਬੇ ਦੀ ਸਫ਼ਾਈ ਕਰਨ ਵਾਲੇ ਮਜ਼ਦੂਰਾਂ ਨੂੰ ਪਹਿਲ ਦੇ ਅਧਾਰ 'ਤੇ ਤਨਖ਼ਾਹਾਂ ਮਿਲਣੀਆਂ ਚਾਹੀਦੀਆਂ ਹਨ, ਪਰ ਸਰਕਾਰ ਲਈ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਾਰੇ ਸ਼ਹਿਰ ਦਾ ਕੂੜਾ ਚੁੱਕਣ ਵਾਲੇ ਮਜ਼ਦੂਰਾਂ ਨੂੰ ਆਪਣੀ ਤਨਖਾਹ ਲੈਣ ਲਈ ਭੁੱਖ ਹੜਤਾਲਾਂ 'ਤੇ ਬੈਠਣਾ ਪੈ ਰਿਹਾ ਹੈ। ਇਸ ਮੌਕੇ ਆਪ ਆਗੂ ਐਡਵੋਕੇਟ ਕੀਰਤ ਸਿੰਗਲਾ, ਡਾ. ਬਲਵੀਰ ਸਿੰਘ, ਅਮਨਦੀਪ ਸਿੰਘ ਦੀਪਾ, ਹੇਮ ਰਾਜ ਸ਼ਰਮਾ, ਮੋਨੂੰ ਸ਼ਰਮਾ ਆਦਿ ਹਾਜ਼ਰ ਸਨ।