ਗੁਰਜੀਤ ਸਿੰਘ ਧੌਂਸੀ, ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀ ਦਿੜ੍ਹਬਾ ਦੀ ਚਾਰ ਦੀਵਾਰੀ ਦਾ ਕੰਮ ਜੰਗੀ ਪੱਧਰ 'ਤੇ ਹੋ ਰਿਹਾ ਹੈ ਪਰ ਸ਼ਹਿਰ ਦੀ ਅਨਾਜ ਮੰਡੀ ਦੀ ਤਕਦੀਰ 38 ਸਾਲਾ ਬਾਅਦ ਖੁੱਲ੍ਹੀ, ਜੋ ਕਿ 52 ਲੱਖ ਦੀ ਲਾਗਤ ਨਾਲ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਦੀ ਅਣਥੱਕ ਮਿਹਨਤ ਸਦਕਾ ਚਾਰ ਦੀਵਾਰੀ ਤੇ ਗੇਟਾਂ ਦਾ ਕੰਮ ਮਨਜੂਰ ਹੋਇਆ ਸੀ। ਜੋ ਬਣ ਕੇ ਮੁਕੰਮਲ ਹੋਣ ਦੇ ਕਿਨਾਰੇ ਸੀ ਪਰ ਇਸ ਨੂੰ ਗ੍ਹਿਣ ਲੱਗ ਗਿਆ। ਦੱਸਣਯੋਗ ਹੈ ਕਿ ਅਨਾਜ ਮੰਡੀ ਦੀ ਚਾਰ ਦੀਵਾਰੀ ਦਾ ਕੰਮ ਤਿੰਨ ਪਾਸਿਓਂ ਤੋਂ ਮੁਕੰਮਲ ਹੋ ਚੁੱਕਿਆ ਸੀ ਤੇ ਪੰਜ ਗੇਟ ਲੱਗ ਚੁੱਕੇ ਸੀ, ਜੋ ਕਿ ਨਕਸ਼ੇ ਵਿੱਚ ਪਾਸ ਸਨ, ਪਰ ਮੰਡੀ ਬੋਰਡ ਦੇ ਐਸਡੀਓ ਕਰਨ ਜਿੰਦਲ ਨੇ ਲਿੰਕ ਰੋਡ 'ਤੇ ਬੱਸ ਅੱਡੇ ਦੇ ਨੇੜੇ ਛੇਵਾਂ ਗੇਟ ਖੁੱਲ੍ਹਵਾ ਦਿੱਤਾ ਹੈ, ਜੋ ਕਿ ਮਹਿਜ 100 ਗਜ ਦੇ ਫ਼ਾਸਲੇ ਨਾਲ ਪਹਿਲਾਂ ਹੀ ਗੇਟ ਲੱਗਿਆ ਹੋਇਆ ਹੈ। ਮੰਡੀ ਬੋਰਡ ਦੇ ਉਚ ਅਧਿਕਾਰੀਆਂ ਵੱਲੋਂ ਕਾਨੂੰਨ ਦੀਆਂ ਧੱਜੀਆ ਉਡਾਈਆਂ ਜਾ ਰਹੀਆਂ ਹਨ।

ਇਸ ਮੌਕੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਅਸੀਂ ਅਨਾਜ ਮੰਡੀ ਦੀ ਚਾਰਦੀਵਾਰੀ ਵਧੀਆ ਬਣ ਲਈ ਸੀ ਅਤੇ ਐਸੋਸੀਏਸ਼ਨ ਵੱਲੋਂ ਸਾਫ਼-ਸਫ਼ਾਈ, ਤੇ ਗੇਟਾਂ 'ਤੇ ਚੌਕੀਦਾਰ ਰੱਖਣ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਇਸ ਐੱਸਡੀਓ ਕਰਨ ਜਿੰਦਲ ਨੇ ਛੇਵਾਂ ਗੇਟ ਖੁੱਲ੍ਹਵਾ ਕੇ ਸਾਰੀ ਮੰਡੀ ਦੀ ਦਿੱਖ ਖ਼ਰਾਬ ਕਰ ਦਿੱਤੀ ਹੈ, ਜੋ ਮੰਡੀ ਨਿਵਾਸੀਆਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਲਿਖਤੀ ਸ਼ਿਕਾਇਤ ਐੱਸਡੀਐੱਮ ਦਿੜ੍ਹਬਾ ਨੂੰ ਦੇ ਦਿੱਤੀ ਹੈ। ਇਸ ਐੱਸਡੀਓ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

------

ਡਿਊਟੀ ਲਾਈ ਸੀ ਤਾਂ ਖੁੱਲ੍ਹਵਾਇਆ ਗੇਟ : ਐੱਸਡੀਓ

ਜਦੋਂ ਐੱਸਡੀਓ ਕਰਨ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਡਿਉਟੀ ਉਚ ਅਧਿਕਾਰੀਆਂ ਨੇ ਗੇਟ ਖੁੱਲ੍ਹਵਾਉਣ ਲਈ ਲਾਈ ਸੀ। ਮੈਂ ਉਹ ਗੇਟ ਖੁੱਲ੍ਹਵਾ ਦਿੱਤਾ ਹੈ।

===

ਐੱਸਡੀਓ ਨੇ ਦੋ ਦਿਨ ਦਾ ਸਮਾਂ ਮੰਗਿਆ : ਐੱਸਡੀਐੱਮ

ਜਦੋਂ ਐੱਸਡੀਐੱਮ ਦਫ਼ਤਰ ਦਿੜ੍ਹਬਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਐਸੋਸੀਏਸ਼ਨ ਵੱਲੋ ਜੋ ਐੱਸਡੀਓ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਉਸ ਸਬੰਧੀ ਐੱਸਡੀਓ ਨੂੰ ਦੋ ਵਾਰੀ ਦਫ਼ਤਰ ਬੁਲਾਇਆ ਗਿਆ ਪਰ ਉਸ ਨੇ ਦੋ ਦਿਨ ਦਾ ਸਮਾਂ ਹੋਰ ਮੰਗਿਆ ਹੈ।