ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਇਫਕੋ ਵੱਲੋਂ ਸੂਬੇ ਅੰਦਰ ਕਈ ਖੇਤੀ ਉਤਪਾਦ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਾਸੋਂ ਮਨਜ਼ੂਰੀ ਲਏ ਬਿਨਾਂ ਵੇਚੇ ਜਾ ਰਹੇ ਹਨ। ਇਨ੍ਹਾਂ ਉਤਪਾਦਾਂ 'ਚ ਸਾਗਰਿਕਾ ਨਾਂ ਦਾ ਇਕ ਉਤਪਾਦ ਵੀ ਸ਼ਾਮਲ ਹੈ, ਜਿਸ ਨੂੰ ਸਹਿਕਾਰੀ ਸੁਸਾਇਟੀਆਂ ਤੇ ਹੋਰ ਨਿੱਜੀ ਅਦਾਰਿਆਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਧੜਾ-ਧੜ ਵੇਚਿਆ ਜਾ ਰਿਹਾ ਹੈ ਜਦਕਿ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਉਤਪਾਦ ਨੂੰ ਪੰਜਾਬ 'ਚ ਵੇਚਣ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ।

ਇਸ ਮਾਮਲੇ ਸਬੰਧੀ ਆਰਟੀਆਈ ਐਕਟੀਵਿਸਟ ਬ੍ਰਿਛਭਾਨ ਬੁਜਰਕ ਨੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ-2005 ਤਹਿਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਾਸੋਂ ਇਫਕੋ ਨਾਂ ਦੀ ਕੰਪਨੀ ਵੱਲੋਂ ਸੂਬੇ ਅੰਦਰ ਸਾਗਰਿਕਾ ਨਾਂ ਦੇ ਖੇਤੀ ਉਤਪਾਦ ਨੂੰ ਵੇਚਣ ਦੀ ਮਨਜ਼ੂਰੀ ਸਬੰਧੀ ਪੁੱਛਿਆ ਗਿਆ ਸੀ। ਜਵਾਬ 'ਚ ਡਾਇਰੈਕਟਰ ਖੇਤੀਬਾੜੀ ਵਿਭਾਗ ਨੇ ਲਿਖਿਆ ਹੈ ਕਿ ਉਕਤ ਉਤਪਾਦ ਨੂੰ ਪੰਜਾਬ ਵਿਚ ਵੇਚਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਬੁਜਰਕ ਨੇ ਕਿਹਾ ਕਿ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਇਹ ਉਤਪਾਦ ਕਿਸਾਨਾਂ ਨੂੰ ਧੜਾਧੜ ਵੇਚਿਆ ਜਾ ਰਿਹਾ ਹੈ। ਪੰਜਾਬ ਦੀਆਂ ਸਹਿਕਾਰੀ ਸੁਸਾਇਟੀਆਂ ਤੇ ਹੋਰ ਨਿੱਜੀ ਅਦਾਰਿਆਂ ਵੱਲੋਂ ਖੇਤੀ ਖੇਤਰ 'ਚ ਕਰੋੜਾਂ ਰੁਪਏ ਦੇ ਵੇਚੇ ਗਏ ਤੇ ਵੇਚੇ ਜਾ ਰਹੇ ਇਸ ਉਤਪਾਦ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਮਾਮਲੇ 'ਚ ਸ਼ਾਮਲ ਸਹਿਕਾਰੀ ਸੁਸਾਇਟੀਆਂ ਤੇ ਕਿਸਾਨ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਕਰਵਾਈ ਕਰਨੀ ਚਾਹੀਦੀ ਹੈ।

Posted By: Seema Anand