ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਚਾਰ ਦਿਨ ਪਹਿਲਾਂ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਐੱਸਡੀਐੱਮ ਸੁਨਾਮ ਦੇ ਰੀਡਰ ਬਲਜਿੰਦਰ ਸਿੰਘ ਦੀ ਬੀਤੀ ਰਾਤ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ।

ਪਿੰਡ ਬਾਲਦ ਖੁਰਦ ਦੇ ਸਰਪੰਚ ਦਰਸ਼ਨ ਸਿੰਘ ਜੱਜ ਨੇ ਦੱਸਿਆ ਕਿ ਪਿਛਲੇ ਐਤਵਾਰ ਸ਼ਾਮ ਨੂੰ ਬਲਜਿੰਦਰ ਸਿੰਘ ਭਵਾਨੀਗੜ੍ਹ ਤੋਂ ਮੋਟਰ ਸਾਈਕਲ ਰਾਹੀਂ ਆਪਣੇ ਪਿੰਡ ਬਾਲਦ ਖੁਰਦ ਜਾ ਰਿਹਾ ਸੀ ਕਿ ਉਸ ਦਾ ਮੋਟਰ ਸਾਈਕਲ ਸੜਕ ਕਿਨਾਰੇ ਲੱਗੇ ਇਕ ਖੰਭੇ ਨਾਲ ਟਕਰਾਅ ਗਿਆ। ਇਸ ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਗੰਭੀਰ ਹਾਲਤ ਵਿੱਚ ਉਸ ਨੂੰ ਪਹਿਲਾਂ ਕੋਲੰਬੀਆ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਪਰ ਬਾਅਦ ਵਿਚ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ। ਬਲਜਿੰਦਰ ਸਿੰਘ ਚਾਰ ਦਿਨ ਜ਼ਿੰਦਗੀ-ਮੌਤ ਦੀ ਲੜਾਈ ਲੜਦਾ ਰਿਹਾ, ਅਖੀਰ ਬੀਤੀ ਰਾਤ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਸ਼ਨਿਚਰਵਾਰ ਨੂੰ ਬਲਜਿੰਦਰ ਸਿੰਘ ਦਾ ਪਿੰਡ ਬਾਲਦ ਖੁਰਦ ਵਿਖੇ ਸਸਕਾਰ ਕਰ ਦਿੱਤਾ ਗਿਆ।