ਕਰਮਜੀਤ ਸਿੰਘ ਸਾਗਰ, ਧਨੌਲਾ : ਪਿੰਡ ਬਡਬਰ ਨੇੜੇ ਲੱਗੇ ਟੂਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਸਟਾਪਰ ਸੁੱਟਣ ਮੌਕੇ ਜਾਂਦੇ ਰਾਹਗੀਰ ਮੋਟਰਸਾਈਕਲ 'ਤੇ ਸਵਾਰ ਅੌਰਤ ਜ਼ਖ਼ਮੀ ਹੋਈ। ਸਰਕਾਰੀ ਹਸਪਤਾਲ ਧਨੌਲਾ 'ਚ ਜ਼ੇਰੇ ਇਲਾਜ਼ ਅਧੀਨ ਅੌਰਤ ਸਿਮਰਨ ਦੇ ਪਤੀ ਉਮਾ ਨੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਸਮਾਣੇ ਤੋਂ ਮੋਗੇ ਜਾ ਰਹੇ ਸੀ। 6 ਵਜੇ ਦੇ ਕਰੀਬ ਜਦੋਂ ਅਸੀਂ ਟੂਲ ਪਲਾਜ਼ਾ ਲੰਘਣ ਲੱਗੇ ਤਾਂ ਮੌਕੇ 'ਤੇ ਹਾਜ਼ਰ ਮੁਲਾਜ਼ਮ ਨੇ ਗੱਡੀਆਂ ਰੋਕਣ ਵਾਲਾ ਸਟਾਪਰ ਸੁੱਟ ਦਿੱਤਾ ਜੋ ਮੇਰੀ ਪਤਨੀ ਦੇ ਮੂੰਹ 'ਤੇ ਲੱਗਾ, ਜਿਸ ਨਾਲ ਦੰਦਾਂ ਸਮੇਤ ਬੁੱਲ੍ਹਾਂ ਜ਼ਖ਼ਮੀ ਹੋ ਗਏ। ਮੌਕੇ ਹਾਜ਼ਰ ਡਾਕਟਰ ਸਤਵੰਤ ਸਿੰਘ ਅੌਜਲਾ ਨੇ ਦੱਸਿਆ ਕਿ ਬੁੱਲ੍ਹਾਂ ਦੇ ਨਾਲ ਅੌਰਤ ਦੇ ਤਿੰਨ ਦੰਦ ਉਖੜ੍ਹ ਗਏ। ਇਸ ਮੌਕੇ ਹਾਜ਼ਰ ਜਗਤਾਰ ਸਿੰਘ ਦਾਨਗੜ੍ਹ, ਸੱਤਪਾਲ ਸਿੰਘ ਸੱਤੀ, ਦਵਿੰਦਰ ਸਿੰਘ ਸੇਖੋ, ਗੱਗੀ ਆਦਿ ਨੇ ਮੰਗ ਕਰਦਿਆ ਕਿਹਾ ਕਿ ਟੂਲ ਪਲਾਜ਼ੇ ਵਾਲਿਆਂ ਨੇ ਦੋ ਪਹੀਆ ਵਾਹਨ ਦੇ ਲੰਘਣ ਲਈ ਇੱਥੇ ਕੋਈ ਜਗ੍ਹਾ ਨਹੀਂ ਛੱਡੀ ਗਈ, ਜਿਵੇ ਕਿ ਆਮ ਟੂਲ ਪਲਾਜ਼ਿਆ 'ਤੇ ਜਗ੍ਹਾ ਛੱਡੀ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ।