ਪਵਿੱਤਰ ਸਿੰਘ, ਅਮਰਗੜ੍ਹ : ਛੋਟੇ ਭਰਾ ਨੇ ਸ਼ਰਾਬ ਦੇ ਨਸ਼ੇ ’ਚ ਬੇਰਹਿਮੀ ਨਾਲ ਪੈਟਰੋਲ ਪਾ ਕੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਅਮਰਗੜ੍ਹ ਪੁਲਿਸ ਨੇ ਪਹਿਲਾਂ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ ਜੋ ਕਿ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਵਿਨੋਦ ਕੁਮਾਰ ਉਰਫ ਬੋਦੀ ਵਾਸੀ ਪਿੰਡ ਝੱਲ ਵੱਲੋਂ ਡਿਊਟੀ ਮੈਜਿਸਟੇ੍ਰਟ ਅੱਗੇ ਦਿੱਤੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ ਪਰ ਪੀਜੀਆਈ ਵਿਖੇ ਮੌਤ ਹੋਣ ਉਪਰੰਤ ਪੁਲਿਸ ਨੇ ਇਰਾਦਾ ਕਤਲ ਦੀ ਧਾਰਾ ਵਿਚ ਵਾਧਾ ਕਰਕੇ ਕਤਲ ਦਾ ਮੁਕੱਦਮਾ ਦਰਜ ਕਰਦਿਆਂ ਰਾਕੇਸ਼ ਕੁਮਾਰ ਉਰਫ ਕੇਸ਼੍ਰੀ ਨੂੰ ਗ੍ਰਿਫਤਾਰ ਕਰਕੇ ਉਸ ਦਾ ਦੋ ਦਿਨਾ ਰਿਮਾਂਡ ਹਾਸਲ ਕੀਤਾ ਹੈ।

ਵਿਨੋਦ ਕੁਮਾਰ ਦੇ ਪਿਤਾ ਸੁਦਾਮਾ ਅਤੇ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਕੇਸ਼ ਕੁਮਾਰ ਨੇ 6 ਮਹੀਨੇ ਪਹਿਲਾਂ ਹੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਸੀ ਜਿਸ ਕਰਕੇ ਉਹ ਇਧਰ-ਉਧਰ ਰਹਿੰਦੇ ਸਨ। 14 ਨਵੰਬਰ ਨੂੰ ਵਿਨੋਦ ਕੁਮਾਰ ਜੋ ਕਿ ਟਰੱਕ ਡਰਾਈਵਰ ਹੈ, ਅਚਾਨਕ ਰਾਕੇਸ਼ ਕੁਮਾਰ ਨੂੰ ਮਿਲ ਗਿਆ। ਇਸੇ ਦੌਰਾਨ ਦੋਵਾਂ ਭਰਾਵਾਂ ਨੇ ਇਕੱਠਿਆਂ ਸ਼ਰਾਬ ਪੀਤੀ ਅਤੇ ਰੋਟੀ ਖਾਧੀ। ਉਪਰੰਤ ਰਾਕੇਸ਼ ਕੁਮਾਰ ਬੋਤਲ ਵਿਚ ਪੈਟਰੋਲ ਖਰੀਦ ਕੇ ਲਿਆਇਆ। ਇਸ ਸਭ ਕੁਝ ਲਈ ਰਾਕੇਸ਼ ਕੁਮਾਰ ਨੇ ਪੈਸੇ ਵੀ ਵਿਨੋਦ ਕੁਮਾਰ ਤੋਂ ਹੀ ਲਏ। ਜਦੋਂ ਰਾਕੇਸ਼ ਕੁਮਾਰ ਨੇ ਵੇਖਿਆ ਕਿ ਉਸ ਦਾ ਭਰਾ ਜ਼ਿਆਦਾ ਨਸ਼ੇ ਵਿਚ ਹੈ ਤਾਂ ਉਸ ਨੇ ਵਿਨੋਦ ਕੁਮਾਰ ਨੂੰ ਮੰਜੇ ਨਾਲ਼ ਬੰਨ੍ਹ ਲਿਆ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਾਅਦ ’ਚ ਉਹ ਵਿਨੋਦ ਕੁਮਾਰ ਉੱਪਰ ਪੈਟਰੋਲ ਪਾ ਕੇ ਅੱਗ ਲਾਉਣ ਉਪਰੰਤ ਭੱਜ ਗਿਆ।

ਅੱਗ ਲੱਗਣ ਉਪਰੰਤ ਜਿਹੜੀਆਂ ਰੱਸੀਆਂ ਨਾਲ ਵਿਨੋਦ ਕੁਮਾਰ ਬੰਨਿ੍ਹਆ ਹੋਇਆ ਸੀ, ਜਦੋਂ ਉਹ ਸੜ ਗਈਆਂ ਤਾਂ ਵਿਨੋਦ ਕੁਮਾਰ ਨੇ ਇਧਰ-ਓਧਰ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਥੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਗੰਭੀਰ ਹਾਲਤ ’ਚ ਵਿਨੋਦ ਨੂੰ ਹਸਪਤਾਲ ਪਹੁੰਚਾਇਆ। ਮੁੱਢਲਾ ਸਿਹਤ ਕੇਂਦਰ ਤੋਂ ਉਸ ਨੂੰ ਪਟਿਆਲਾ ਅਤੇ ਪਟਿਆਲਾ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Posted By: Jagjit Singh