ਸ਼ੰਭੂ ਗੋਇਲ, ਲਹਿਰਾਗਾਗਾ : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜ-ਪੰਜ ਮਰਲੇ ਦੇ ਪਲਾਟ ਲੈਣ ਸੰਬੰਧੀ, ਸਹਿਕਾਰੀ ਸੁਸਾਇਟੀਆਂ 'ਚ ਮੈਂਬਰ ਭਰਤੀ ਕਰਕੇ ਕਰਜ਼ਾ ਦੇਣ ਲਈ ਅਤੇ ਮਜ਼ਦੂਰਾਂ ਸਿਰ ਚੜਿ੍ਹਆ ਕਰਜ਼ਾ ਮਾਫ਼ ਕਰਨ ਲਈ 19 ਅਕਤੂਬਰ ਮੰਗਲਵਾਰ ਨੂੰ ਐਸਡੀਐਮ ਦਫ਼ਤਰ ਲਹਿਰਾਗਾਗਾ ਵਿਖੇ ਧਰਨੇ ਦੀ ਤਿਆਰੀ ਸੰਬੰਧੀ ਗੋਬਿੰਦਪੁਰਾ ਜਵਾਹਰਵਾਲਾ ਵਿਖੇ ਰੈਲੀ ਕੀਤੀ ਗਈ। ਇਸ ਸਮੇਂ ਸੂਬਾ ਆਗੂ ਬਲਵਿੰਦਰ ਸਿੰਘ ਜਲੂਰ ਅਤੇ ਜ਼ਿਲ੍ਹਾ ਆਗੂ ਰਾਜ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਪਲਾਟ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪਰ ਪਿੰਡਾਂ ਅੰਦਰ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਜਦ ਕਿ ਬਹੁ ਗਿਣਤੀ ਮਜ਼ਦੂਰ ਇਸ ਸਹੂਲਤ ਤੋਂ ਵਾਂਝੇ ਹਨ। ਜਲੂਰ ਵਿਖੇ 81 ਪਲਾਟਾਂ ਦਾ 2012 ਵਿੱਚ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਸੀ, ਜੋ ਅੱਜ ਤੱਕ ਅਲਾਟ ਨਹੀਂ ਹੋਏ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਤਹਿਤ ਪਲਾਟ ਦਿੱਤੇ ਜਾਣ। ਅੱਜ ਦੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਹਮੀਰ ਸਿੰਘ ਅੜਕਵਾਸ, ਰਾਜ ਸਿੰਘ ਗੋਬਿੰਦਪੁਰਾ ਜਵਾਹਰਵਾਲਾ ਆਦਿ ਨੇ ਸੰਬੋਧਨ ਕੀਤਾ। ਜਲੂਰ ਨੇ ਕਿਹਾ ਕਿ ਐਸਡੀਐਮ ਦਫ਼ਤਰ ਅੱਗੇ ਧਰਨੇ ਪ੍ਰਤੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਧਰਨਾ ਦੇਣ ਸਮੇਂ ਭਾਰੀ ਗਿਣਤੀ 'ਚ ਮਜ਼ਦੂਰਾਂ ਦਾ ਇਕੱਠ ਹੋਵੇਗਾ।