ਸ਼ੰਭੂ ਗੋਇਲ, ਲਹਿਰਾਗਾਗਾ : ਸਥਾਨਕ ਸ਼ਹਿਰ ਵਿਖੇ ਤੰਗ ਬਾਜ਼ਾਰਾਂ ਕਾਰਨ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ, ਜਿਸ ਦੇ ਚਲਦਿਆਂ ਮੰਗਲਵਾਰ ਨਗਰ ਕੌਂਸਲ ਵੱਲੋਂ ਸਥਾਨਕ ਬੱਸ ਸਟੈਂਡ ਕੋਲ ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਏ ਗਏ। ਇਸ ਸਮੇਂ ਕਾਰਜ ਸਾਧਕ ਅਫਸਰ ਬਾਲਮੁਕੰਦ ਨੇ ਦੱਸਿਆ ਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸ ਸਟੈਂਡ ਤੇ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ 15-20 ਫੁੱਟ ਸਾਮਾਨ ਬਾਹਰ ਕੱਢ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।

ਐੱਸਡੀਐੱਮ ਲਹਿਰਾ ਪ੍ਰਮੋਦ ਸਿੰਗਲਾ ਦੇ ਹੁਕਮਾਂ ਮੁਤਾਬਕ ਮੰਗਲਵਾਰ ਇਨ੍ਹਾਂ ਸਬਜ਼ੀ ਵਾਲਿਆਂ ਦਾ ਸਾਮਾਨ ਜਬਤ ਕੀਤਾ ਗਿਆ ਹੈ। ਹੁਣ ਇਹ ਰਸਤਾ ਖੁੱਲ੍ਹ ਜਾਣ ਕਾਰਨ ਬੱਸਾਂ ਤੇ ਹੋਰ ਵਾਹਨਾਂ ਨੂੰ ਆਉਣ ਜਾਣ ਵਿੱਚ ਸੌਖ ਹੋ ਗਈ ਹੈ। ਨਗਰ ਕੌਂਸਲ ਦੇ ਜਸਵੀਰ ਸਿੰਘ ਨੇ ਕਿਹਾ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਦੀ ਹਦੂਦ 'ਚ ਹੀ ਰੱਖਣ। ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਅੱਗੇ ਨੂੰ ਵੀ ਇਸੇ ਤਰ੍ਹਾਂ ਜਾਰੀ ਰਹੇਗੀ।