ਬੂਟਾ ਸਿੰਘ ਚੌਹਾਨ, ਸੰਗਰੂਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਮਸਤੂਆਣਾ ਸਾਹਿਬ ਵਿਖੇ ਕਾਨਫਰੰਸ ਕਰਕੇ ਗੁਰੂ ਦੇ ਵਿਚਾਰਾਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ, ਦੀਪ ਸਿੰਘ ਵਾਲਾ ਨੇ ਕਿਹਾ ਕਿ ਗੁਰੂ ਜੀ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਅਤੇ ਕਿਰਤੀ ਵਰਕ ਦੇ ਹੱਕਾਂ ਦੀ ਪਹਿਰੇਦਾਰੀ ਕਰਦੀ ਵਿਚਾਰਧਾਰਾ ਪੇਸ਼ ਕੀਤੀ, ਜੋ ਇਨ੍ਹਾਂ ਫ਼ਰਜ਼ਾਂ ਨੂੰ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਹੱਕਾਂ ਪ੍ਰਤੀ ਚੇਤਨ ਕਰਕੇ ਜੂਝਣ ਲਈ ਪ੍ਰਰੇਰਦੀ ਹੈ ਪਰ ਅੱਜ ਗੁਰੂ ਨਾਨਕ ਦੀ ਵਿਚਾਰਧਾਰਾ ਦੀਆਂ ਪ੍ਰਤੀਨਿਧ ਸੰਸਥਾਵਾਂ 'ਤੇ ਮਲਕ ਭਾਗੋਆਂ ਦਾ ਕਬਜ਼ਾ ਹੋ ਗਿਆ ਹੈ, ਜੋ ਡੇਰੇਦਾਰਾਂ ਅਤੇ ਸਾਧਾਂ ਵੱਲੋਂ ਘੜੀਆਂ ਮਨਘੜਤ ਸਾਥੀਆਂ ਨੂੰ ਸੀ੍ ਗੁਰੂ ਸਾਹਿਬ ਦੇ ਜੀਵਨ ਨਾਲ ਜੋੜਕੇ ਉਨ੍ਹਾਂ ਨੂੰ ਚਮਤਕਾਰੀ ਬਣਾ ਕੇ ਪੇਸ਼ ਕਰਨ ਲੱਗੇ ਹਨ। ਜਦ ਕਿ ਗੁਰੂ ਸਾਹਿਬ ਝੂਠ, ਪਾਖੰਡਾਂ ਅਤੇ ਅਡੰਬਰਾਂ ਦੇ ਆਲੋਚਕ ਸਨ ਤੇ ਸੱਚ ਦੇ ਪਾਂਧੀ ਤੇ ਪ੍ਰਚਾਰਕ ਸਨ।

ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਾਨਫਰੰਸ ਵਿਚ ਸ਼ਾਮਲ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਕਿਸਾਨਾਂ 'ਤੇ ਪਰਾਲੀ ਦੇ ਮਸਲੇ 'ਤੇ ਪਾਏ ਝੂਠੇ ਕੇਸਾਂ ਅਤੇ ਕੰਬਾਈਨਾਂ ਦੇ ਕੱਟੇ ਚਲਾਨਾਂ ਸਮੇਤ ਅਵਾਰਾ ਪਸ਼ੂਆਂ ਦੇ ਸਬੰਧ ਕਰਾਉਣ ਦੀਆਂ ਕਿਸਾਨੀ ਸਮੱਸਿਆਵਾਂ ਬਾਰੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਨੇ ਨਿਭਾਈ ਅਤੇ ਜ਼ਿਲ੍ਹਾ ਆਗੂ ਜੁਝਾਰ ਸਿੰਘ ਬਡਰੁੱਖਾਂ, ਜਗਦੀਪ ਸਿੰਘ ਬਹਾਦਰਪੁਰ, ਮਿੰਟੂ ਬਡਰੁੱਖਾਂ, ਦਰਸ਼ਨ ਸਿੰਘ ਕੰੁਨਰਾਂ, ਬਲਵਿੰਦਰ ਸਿੰਘ ਜੱਸੀ ਨੇ ਸੰਬੋਧਨ ਕੀਤਾ। ਭਾਈ ਗੁਰਮੰਤ ਸਿੰਘ ਮੰਡੀ ਕਲਾਂ ਦੇ ਢਾਡੀ ਜਥੇ ਨੇ ਗੁਰੂ ਜੱਸ ਗਾਇਆ।