ਬੂਟਾ ਸਿੰਘ ਚੌਹਾਨ, ਸੰਗਰੂਰ : ਜਿੱਥੇ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਪੱਧਰ 'ਤੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਦੀਆਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਮਹਾਰਾਸ਼ਟਰ ਵਿਚ ਵਡਾਰ, ਕੇਕਾੜੀ, ਟਕਾਰੀ, ਸ਼ਿਕਾਰੀ, ਰੋਮਾਸ਼ੀ, ਲੰਬਾਰੀਏ, ਗੋਪਾਣੀ, ਗੋਸਾਈਂ ਸਮੇਤ 44 ਜਾਤਾਂ 'ਤੇ ਪੱਛੜੇ ਵਰਗ ਅਤੇ ਐੱਸਸੀ ਲੋਕਾਂ ਦੇ 'ਰਾਸ਼ਟਰੀਆ ਵਿਮੁਕਤ ਘੁਮੰਤੂ ਆਦਿਵਾਸੀ ਮਹਾਸੰਘ' ਵੱਲੋਂ ਸਿੱਖ ਧਰਮ ਗ੍ਹਿਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।

ਇਨ੍ਹਾਂ ਤਿਆਰੀਆਂ ਦੇ ਕੇਂਦਰ ਬਿੰਦੂ ਮਰਾਠੀ ਦੇ ਪ੍ਰਸਿੱਧ ਲੇਖਕ ਲਕਸ਼ਮਣ ਗਾਇਕਵਾੜ ਹਨ, ਜਿਨ੍ਹਾਂ ਨੂੰ ਸਾਹਿਤਕ ਅਕਾਦਮੀ ਤੋਂ ਇਲਾਵਾ ਹੋਰ ਬਹੁਤ ਸਾਰੇ ਭਾਰਤ ਅਤੇ ਰਾਜ ਪੱਧਰੇ ਇਨਾਮ ਮਿਲ ਚੁੱਕੇ ਹਨ। ਪੰਜਾਬੀ ਵਿਚ ਉਨ੍ਹਾਂ ਦੇ ਨਾਵਲ 'ਗਠੜੀ ਚੋਰ, ਮੌਤ ਦੇ ਆਲ੍ਹਣੇ ਅਤੇ ਪੱਥਰ ਨਾ ਪਿਘਲੇ' ਪੰਜਾਬੀ ਪਾਠਕਾਂ ਵੱਲੋਂ ਵੱਡੇ ਪੱਧਰ 'ਤੇ ਪੜ੍ਹੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਸੰਘ ਨਾਲ ਲੱਖਾਂ ਲੋਕ ਜੁੜੇ ਹੋਏ ਹਨ।

ਸੰਪਰਕ ਕਰਨ 'ਤੇ ਲਕਸ਼ਮਣ ਗਾਇਕਵਾੜ ਨੇ ਜੋ ਇਸ ਵੇਲੇ ਪੁਣੇ ਵਿਚ ਰਹਿੰਦੇ ਹਨ, ਨੇ ਦੱਸਿਆ ਕਿ ਸਾਡੇ ਮਹਾਸੰਘ ਦਾ ਕਰਮ ਖੇਤਰ ਮਹਾਰਾਸ਼ਟਰ ਦੇ ਮਰਾਠਵਾੜਾ ਅਧੀਨ ਆਉਂਦੇ ਜ਼ਿਲਿ੍ਆਂ ਨਾਂਦੇੜ, ਲਾਤੂਰ, ਉਸਮਾਨਾਬਾਦ, ਪ੍ਰਭਨੀ, ਔਰੰਗਾਬਾਦ, ਬੀੜ, ਜਾਲਨਾ ਅਤੇ ਹਿੰਗੋਲੀ ਨਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਵੀ ਹਿੰਦੂ ਧਰਮ ਨਾਲ ਸਬੰਧਿਤ ਮੰਦਰਾਂ ਵਿਚ ਨਹੀਂ ਜਾਣ ਦਿੱਤਾ ਜਾਂਦਾ। ਸਾਡੇ ਸੰਗਠਨ ਨਾਲ ਸਬੰਧਤ ਗ਼ਰੀਬ ਲੋਕਾਂ 'ਤੇ ਅੱਤਿਆਚਾਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਿਤੇ ਟਿਕ ਕੇ ਨਹੀਂ ਰਹਿਣ ਦਿੱਤਾ ਜਾਂਦਾ 'ਤੇ ਲੋੜੀਂਦਾ ਸਤਿਕਾਰ ਪੜ੍ਹੇ-ਲਿਖੇ ਲੋਕਾਂ ਨੂੰ ਵੀ ਨਹੀਂ ਦਿੱਤਾ ਜਾਂਦਾ।

ਉਨ੍ਹਾਂ ਕਿਹਾ ਕਿ ਅਸੀਂ ਬੜੇ ਸਾਲਾਂ ਤੋਂ ਮਨੁੱਖੀ ਪੱਧਰ 'ਤੇ ਬਰਾਬਰਤਾ ਦੇਣ ਵਾਲੇ ਧਰਮ ਦੀ ਤਲਾਸ਼ ਕਰ ਰਹੇ ਸਾਂ ਅਤੇ ਹੁਣ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਸਿੱਖ ਧਰਮ ਦੇ ਅੰਗ ਬਣਾਂਗੇ। ਉਨ੍ਹਾਂ ਦੱਸਿਆ ਕਿ ਮੈਂ ਪਿਛਲੇ ਦੁਸਹਿਰੇ ਵੇਲੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਘੁੰਨਸ ਵਿਖੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਐਵਾਰਡ ਲੈਣ ਲਈ ਪੰਜਾਬ ਆਇਆ ਸੀ।

ਮੈਨੂੰ ਉਨ੍ਹਾਂ ਨੇ ਹੀ ਮੇਰੇ ਸਮਾਜ ਬਾਰੇ ਜਾਣਕਾਰੀ ਲੈਣ ਪਿੱਛੋਂ ਸਿੱਖ ਦਾ ਧਰਮ ਅੰਗ ਬਣਨ ਲਈ ਪ੍ਰੇਰਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮੈਂ ਅਤੇ ਸਾਡੇ ਮਹਾਸੰਘ ਦੇ ਜਨਰਲ ਸੈਕਟਰੀ ਹਰੀ ਭਾਓ ਅਤੇ ਸੰਜੇ ਮੇਂਡੇ ਤੋਂ ਇਲਾਵਾ ਹੋਰ ਸਾਰੇ ਪ੍ਰਮੁੱਖ ਅਹੁਦੇਦਾਰ ਇਸ ਰੋਸ਼ਨੀ ਵਿਚ ਕੰਮ ਕਰ ਰਹੇ ਹਾਂ ਅਤੇ ਬਹੁਤ ਛੇਤੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਸੰਪਰਕ ਕਰਾਂਗੇ ਅਤੇ ਆਪਸੀ ਗੱਲਬਾਤ ਹੋਣ ਪਿੱਛੋਂ ਗੱਲ ਅੱਗੇ ਵਧਾਵਾਂਗੇ।

ਅਸੀਂ ਚਾਹੁੰਦੇ ਹਾਂ ਕਿ ਸਾਡੇ ਮਰਾਠਵਾੜੇ ਦੇ ਜ਼ਿਲਿ੍ਆਂ ਵਿਚ ਗੁਰਦੁਆਰੇ ਬਣਨ ਅਤੇ ਅਸੀਂ ਮਾਣ ਨਾਲ ਸਿੱਖ ਮਰਿਆਦਾ ਵਿਚ ਰਹਿ ਕੇ ਗੁਰੂਘਰ ਜਾਈਏ ਅਤੇ ਪੰਜਾਬੀ ਸਿੱਖਣ ਪਿੱਛੋਂ ਆਪਣੇ ਵਿਚੋਂ ਸਿੱਖ ਪ੍ਰਚਾਰਕ ਪੈਦਾ ਕਰੀਏ। ਇੱਥੇ ਦੱਸਿਆ ਜਾਂਦਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਪ੍ਰਧਾਨ ਸਨ ਤਾਂ ਉਨ੍ਹਾਂ ਕੋਲ ਡਾ. ਭੀਮ ਰਾਓ ਅੰਬੇਦਕਰ ਲੱਖਾਂ ਦੀ ਗਿਣਤੀ ਵਿਚ ਦਲਿਤ ਵੀਰਾਂ ਨੂੰ ਸਿੱਖ ਬਣਾਉਣ ਲਈ ਆਏ ਸਨ ਪਰ ਰੋਟੀ ਦੀ ਸਾਂਝ ਤੋਂ ਬਿਨਾਂ ਬੇਟੀ ਦੀ ਸਾਂਝ ਨਾ ਪਾਉਣ ਕਾਰਨ ਆਪਸੀ ਗੱਲ ਟੁੱਟ ਗਈ ਸੀ।

ਖੁੱਲ੍ਹੇ ਦਿਲ ਨਾਲ ਕਰਾਂਗੇ ਸਵਾਗਤ : ਭਾਈ ਲੌਂਗੋਵਾਲ

ਇਸੇ ਦੌਰਾਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਇਹ ਗੱਲ ਪਹਿਲਾਂ ਵੀ ਆਈ ਹੈ ਅਤੇ ਅਸੀਂ ਸਿੱਖ ਧਰਮ ਵਿਚ ਸ਼ਾਮਲ ਹੋਣ ਵਾਲੇ ਮਰਾਠੀ ਭਾਈਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਾਂਗੇ ਅਤੇ ਉਨ੍ਹਾਂ ਨੂੰ ਮਾਣ- ਸਨਮਾਨ ਦੇਣ ਵਿਚ ਕੋਈ ਕਮੀ ਨਹੀਂ ਛੱਡਾਂਗੇ।