ਅਸ਼ੋਕ ਜੋਸ਼ੀ, ਮਾਲੇਰਕੋਟਲਾ : ਰੇਲਵੇ ਵਿਭਾਗ ਵੱਲੋਂ ਸਥਾਨਕ ਰਾਏਕੋਟ ਰੇਲਵੇ ਫਾਟਕ 'ਤੇ ਓਵਰ ਬਿ੍ਜ ਬਣਾਏ ਜਾਣ ਕਰਕੇ ਰੇਲਵੇ ਫਾਟਕ ਨੂੰ ਪੱਕੇ ਤੌਰ 'ਤੇ ਬੰਦ ਕਰਨ ਕਾਰਨ ਸ਼ਹਿਰ ਦੀ ਮੁਸਲਿਮ ਬਰਾਦਰੀ ਨੂੰ ਰਾਏਕੋਟ ਰੋਡ 'ਤੇ ਪੈਂਦੇ ਗੁੱਟੂਵਾਲਾ ਕਬਰਸਤਾਨ ਵਿਚ ਮਿ੍ਤਕਾਂ ਦੇ ਜਨਾਜ਼ੇ ਲੈ ਜਾਣ ਦੇ ਲਈ ਅੰਡਰ ਪਾਸ ਬਣਵਾਉਣ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਜਿਸ ਨੂੰ ਵੇਖਦਿਆਂ ਇਹ ਅੰਡਰਪਾਸ ਕੇਂਦਰ ਸਰਕਾਰ ਤੋਂ ਪਾਸ ਕਰਵਾ ਲਿਆ ਗਿਆ ਹੈ ਪਰ ਇਸ ਸਬੰਧੀ 'ਆਪ' ਦੇ ਵਰਕਰ ਸੋਸ਼ਲ ਮੀਡੀਆ 'ਤੇ ਇਸ ਨੂੰ ਪਾਸ ਕਰਵਾਉਣ ਦਾ ਸਿਹਰਾ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਸਿਰ ਬੰਨ੍ਹ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਤਰਕ ਪੰਜਾਬ ਦੀ ਟਰਾਂਸਪੋਰਟ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਇੱਥੇ ਰਾਏਕੋਟ ਫਾਟਕ ਨਜ਼ਦੀਕ ਮਦੀਨਾ ਬਸਤੀ ਵਿਖੇ ਸੰਬੋਧਨ ਕਰਦਿਆਂ ਪੇਸ਼ ਕੀਤਾ। ਉਨ੍ਹਾਂ ਇਸ ਅੰਡਰ ਪਾਸ ਨਾਲ ਸਬੰਧਿਤ ਦਸਤਾਵੇਜ਼ ਲੋਕਾਂ ਸਾਹਮਣੇ ਪ੍ਰਰੈੱਸ ਨੂੰ ਸਬੂਤ ਵੱਜੋਂ ਵੰਡੇ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਮੰਤਰੀ ਹੁੰਦਿਆਂ ਉਨ੍ਹਾਂ ਕੇਂਦਰੀ ਰੇਲਵੇ ਮੰਤਰਾਲੇ ਨਾਲ ਪੱਤਰ ਵਿਵਹਾਰ ਕੀਤਾ ਸੀ ਤੇ ਇਸੇ ਵਰ੍ਹੇ ਇਕ ਜੁਲਾਈ ਨੂੰ ਸਥਾਨਕ ਨਗਰ ਕੌਂਸਲ ਵੱਲੋਂ ਲੋਕ ਨਿਰਮਾਣ ਵਿਭਾਗ ਮਾਲੇਰਕੋਟਲਾ ਰਾਹੀਂ 75 ਲੱਖ ਰੁਪਏ ਦੀ ਪਹਿਲੀ ਕਿਸ਼ਤ ਨਾਰਦਰਨ ਰੇਲਵੇ, ਦਿੱਲੀ ਲਈ ਰੇਲਵੇ ਦੇ ਡਿਪਟੀ ਚੀਫ ਇੰਜੀਨੀਅਰ ਅੰਬਾਲਾ ਕੈਂਟ ਨੂੰ ਭੇਜੀ ਗਈ ਹੈ। ਮੀਟਿੰਗ ਵਿਚ ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਜਲਦੀ ਸ਼ਹਿਰ ਦੇ ਇਲਾਕੇ ਜਮਾਲਪੁਰਾ ਵਿਖੇ ਲੜਕੀਆਂ ਲਈ ਕਾਲਜ ਵੀ ਖੋਲਿ੍ਹਆ ਜਾ ਰਿਹਾ ਹੈ। ਮੀਟਿੰਗ ਨੂੰ ਚੌਧਰੀ ਮੁਹੰਮਦ ਬਸ਼ੀਰ, ਮੁਨਸ਼ੀ ਅਸ਼ਰਫ, ਸੁਲੇਮਾਨ ਜੋਸ਼ ਅਤੇ ਗੁਲਾਮ ਹੁਸੈਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁਹੰਮਦ ਤਾਰਿਕ, ਦਰਬਾਰਾ ਸਿੰਘ ਦੋਨਂੋ ਪੀਏ, ਐਕਸੀਅਨ ਪੀਡਬਲਯੂਡੀ ਜਗਦੀਪ ਸਿੰਘ ਤੁੰਗ, ਕੌਂਸਲਰ ਮਨੋਜ ਉੱਪਲ, ਜਗਦੀਸ਼ ਜੱਗੀ , ਇਕਬਾਲ ਲੱਲਾ, ਭੋਲਾ ਖਾਂ ਅਤੇ ਪ੍ਰਧਾਨ ਨਗਰ ਕੌਂਸਲ ਇਕਬਾਲ ਫ਼ੌਜੀ ਵੀ ਹਾਜ਼ਰ ਸਨ।