ਦਰਸ਼ਨ ਸਿੰਘ ਚੌਹਾਨ, ਸੁਨਾਮ : ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਨੂੰ ਲੈਕੇ ਦਿੱਤੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦੇ ਸੱਦੇ ਤਹਿਤ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਦੀ ਅਗਵਾਈ ਹੇਠ ਸੁਨਾਮ ਵਿਖੇ ਰੇਲ ਟਰੈਕ ਤੇ ਧਰਨਾ ਦੇਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਰੇਲਵੇ ਟਰੈਕ ਤੇ ਜਥੇਬੰਦੀ ਦੇ ਬਲਾਕ ਸੁਨਾਮ, ਦਿੜ੍ਹਬਾ, ਭਵਾਨੀਗੜ੍ਹ ਅਤੇ ਸੰਗਰੂਰ ਦੇ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ ਅਤੇ ਪਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਲੇਕਿਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਗੱਡੀ ਚੜਾਉਣ ਦੇ ਕਥਿਤ ਸਾਜਿਸਘਾੜੇ ਮੋਦੀ ਵਜਾਰਤ ਵਿੱਚ ਸ਼ਾਮਲ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਅਜੇ ਮਿਸ਼ਰਾ ਨੂੰ ਕੇਂਦਰੀ ਵਜਾਰਤ ਵਿੱਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੱਠਧਰਮੀ ਛੱਡਕੇ ਕਾਲੇ ਖੇਤੀ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨ ਕਰੀਬ ਇੱਕ ਸਾਲ ਕੀਤੇ ਜਾ ਰਹੇ ਸੰਘਰਸ਼ ਨੂੰ ਖਤਮ ਕਰਕੇ ਆਪਣੇ ਪਰਿਵਾਰਾਂ ਵਿੱਚ ਜਾ ਸਕਣ। ਕਿਸਾਨ ਆਗੂਆਂ ਨੇ ਮੁੜ ਦੁਹਰਾਇਆ ਕਿ ਖੇਤੀ ਕਾਨੂੰਨ ਰੱਦ ਹੋਣ ਕਿਸਾਨੀ ਘੋਲ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਰਾਮਪਾਲ ਸੁਨਾਮ, ਬਹਾਲ ਸਿੰਘ ਢੀਂਡਸਾ, ਅਜੈਬ ਸਿੰਘ ਲੱਖੇਵਾਲ, ਹਰਜੀਤ ਸਿੰਘ ਮਹਿਲਾਂ, ਇੰਦਰਜੀਤ ਸਿੰਘ ਜੋਸ਼, ਮਹਿੰਦਰ ਸਿੰਘ ਨਮੋਲ, ਬਲਜੀਤ ਕੌਰ ਖਡਿਆਲ, ਜਸਵੀਰ ਸਿੰਘ ਮੈਦੇਵਾਸ, ਹਰਪਾਲ ਸਿੰਘ ਪੇਧਨੀ, ਗੋਬਿੰਦਰ ਸਿੰਘ ਮੰਗਵਾਲ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Posted By: Rajnish Kaur