ਜੇਐੱਨਐੱਨ, ਸੰਗਰੂਰ : ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਤੋਂ ਦਿੱਲੀ ਵੱਲ ਕੂਚ ਕਰਨ ਲਈ ਕਿਸਾਨ ਤਿਆਰੀਆਂ ਮੁਕੰਮਲ ਕਰਨ 'ਚ ਜੁਟੇ ਹਨ। ਕਿਸਾਨ ਟ੍ਰੈਕਟਰ-ਟਰਾਲੀਆਂ ਜ਼ਰੀਏ ਹਰਿਆਣਾ ਨਾਲ ਲਗਦੇ ਖਨੌਰੀ ਮਾਰਗ 'ਤੇ ਪਹੁੰਚਣ ਲੱਗੇ ਹਨ। ਰਾਸ਼ਨ-ਬਾਲਣ, ਲੱਕੜ, ਗੈਸ ਸਿਲੰਡਰ ਤੇ ਭੱਟੀਆਂ ਆਦਿ ਦਾ ਟ੍ਰੈਕਟਰ-ਟਰਾਲੀਆਂ 'ਚ ਪੱਕਾ ਪ੍ਰਬੰਧ ਕਰ ਕੇ ਪੰਜਾਬ-ਹਰਿਆਣਾ ਬਾਰਡਰ ਇਲਾਕੇ 'ਚ ਜਮ੍ਹਾਂ ਹੋ ਗਏ ਹਨ।

ਕਿਸਾਨਾਂ ਦਾ ਜਮਾਵੜਾ ਦੇਖਦੇ ਹੋਏ ਹਰਿਆਣਾ ਦੀ ਜੀਂਦ ਪੁਲਿਸ ਨੇ ਵੀ ਰਸਤੇ 'ਚ ਬੈਰੀਕੇਡ ਲਗਾ ਦਿੱਤੇ ਹਨ। ਇੱਥੇ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਬੇਸ਼ੱਕ ਫਿਲਹਾਲ ਪੰਜਾਬ ਤੋਂ ਹਰਿਆਣਾ ਜਾਣ ਲਈ ਰਸਤਾ ਪੂਰੀ ਤਰ੍ਹਾਂ ਖੁੱਲ੍ਹਾ ਹੈ ਪਰ ਅਗਲੇ ਦਿਨਾਂ 'ਚ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਵੀ ਕੜੇ ਪ੍ਰਬੰਧ ਕਰਨ 'ਚ ਜੁਟੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਦੀ ਅਗਵਾਈ 'ਚ ਕਿਸਾਨ ਖਨੌਰੀ ਇਲਾਕੇ 'ਚ 26 ਨਵੰਬਰ ਨੂੰ ਦਿੱਲੀ ਅੰਦੋਲਨ ਤੋਂ ਪਹਿਲਾਂ ਹੀ ਪਹੁੰਚ ਗਏ ਹਨ। ਕਿਸਾਨਾਂ ਨੇ ਐਲਾਨ ਕੀਤਾ ਕਿ ਇੱਥੋਂ ਵਿਸ਼ਾਲ ਕਾਫ਼ਿਲੇ ਦੇ ਰੂਪ 'ਚ ਉਹ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ 'ਚ ਦਾਖ਼ਲ ਹੋਣਗੇ। ਜੇਕਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਕਿਸਾਨ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਹਰ ਹਾਲ 'ਚ ਦਿੱਲੀ ਪਹੁੰਚਣਗੇ। ਕਿਸਾਨਾਂ ਨੇ ਹਰਿਆਣਾ ਦੀ ਖੱਟਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਵੀ ਕੀਤਾ।

ਭਾਕਿਯੂ ਉਗਰਾਹਾਂ ਦੇ ਸੁਨਾਮ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮਪਾ ਸਿੰਘ ਸੁਨਾਮ, ਹਰਜਿੰਦਰ ਸਿੰਘ ਕਾਲਾਝਾੜ ਨੇ ਕਿਹਾ ਕਿ ਦਿੱਲੀ ਜਾ ਰਹੇ ਹਰਿਆਣਾ ਦੇ ਕਿਸਾਨਾਂ ਨੂੰ ਜੀਂਦ ਪੁਲਿਸ ਨੇ ਗੜ੍ਹੀ ਇਲਾਕੇ 'ਚ ਹਿਰਾਸਤ 'ਚ ਲੈ ਲਿਆ ਹੈ। ਹਰਿਆਣਾ ਪੁਲਿਸ ਜਾਂ ਖੱਟਰ ਸਰਕਾਰ ਦੀ ਧੱਕੇਸ਼ਾਹੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਇਸ ਦਾ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਨੂੰ ਜਵਾਬ ਦੇਣਗੇ।

ਕਿਸਾਨਾਂ ਲਈ ਲੰਗਰ ਦਾ ਪੂਰਾ ਪ੍ਰਬੰਧ

ਕਿਸਾਨ ਆਗੂਆਂ ਨੇ ਕਿਹਾ ਕਿ ਮਾਲਵਾ ਦੇ ਹਰੇਕ ਪਿੰਡ ਤੋਂ ਕਿਸਾਨ ਟ੍ਰੈਕਟਰ-ਟਰਾਲੀਆਂ 'ਤੇ ਦਿੱਲੀ ਪਹੁੰਚਣਗੇ। ਕਿਸਾਨਾਂ ਲਈ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਪਿੰਡ-ਪਿੰਡ ਦੇ ਹਰ ਘਰ ਦੇ ਰਾਸ਼ਨ ਇਕੱਠਾ ਕੀਤਾ ਗਿਆ ਹੈ। ਨਾਲ ਹੀ ਗਰਮ ਕੱਪੜੇ, ਲੱਕੜਾਂ, ਸਿਲੰਡਰ, ਤਰਪਾਲਾਂ ਆਦਿ ਸਮੇਤ ਜ਼ਰੂਰਤ ਦਾ ਹਰ ਸਾਮਾਨ ਲੈ ਕੇ ਕਿਸਾਨ ਦਿੱਲੀ ਪਹੁੰਚਣਗੇ।

Posted By: Seema Anand