ਅਸ਼ਵਨੀ ਸੋਢੀ, ਮਾਲੇਰਕੋਟਲਾ : 25 ਜਨਵਰੀ ਦੇ ਸ਼੍ਰੋਮਣੀ ਅਕਾਲੀ ਦਲ (ਅ) ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਬੀਐਚਪੀ ਅਤੇ ਵਾਮਸੇਫ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਕੋ-ਕਨਵੀਨਰ ਯਾਸੀਨ ਅਲੀ ਨੇ ਕਿਹਾ ਕਿ ਐਕਸ਼ਨ ਕਮੇਟੀ ਉਕਤ ਜਥੇਬੰਦੀਆਂ ਦੇ ਪੰਜਾਬ ਬੰਦ, ਜੋ ਕਿ ਕਾਲੇ ਕਾਨੂੰਨ ਦੇ ਖ਼ਿਲਾਫ਼ ਹੈ, ਦਾ ਪੂਰਨ ਰੂਪ 'ਚ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨਾਂ ਪਾਰਟੀਆਂ ਦਾ ਜੋ ਵੀ ਪ੍ਰਰੋਗਰਾਮ ਹੋਵੇਗਾ, ਉਸ 'ਚ ਐਕਸ਼ਨ ਕਮੇਟੀ ਨਾਲ ਜੁੜੀਆਂ ਜਥੇਬੰਦੀਆਂ ਅਤੇ ਮਾਲੇਰਕੋਟਲਾ ਦੇ ਲੋਕ ਵਧ ਚੜ੍ਹ ਕੇ ਹਿੱਸਾ ਲੈਣਗੇ। ਅਕਾਲੀ ਦਲ (ਅ) ਦੇ ਆਗੂ ਮੁਹੰਮਦ ਫਾਰੂਕ, ਮੁਹੰਮਦ ਰੱਜਾਕ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਈ ਹੋਰ ਪਾਰਟੀਆਂ ਨਾਲ ਮਿਲ ਕੇ 25 ਜਨਵਰੀ ਨੂੰ ਸੀਏਏ ਕਾਨੂੰਨ 'ਚੋਂ ਮੁਸਲਿਮ ਲੋਕਾਂ ਨੂੰ ਬਾਹਰ ਰੱਖਣ ਦੇ ਵਿਰੋਧ 'ਚ ਪੰਜਾਬ ਬੰਦ ਦੇ ਤੌਰ 'ਤੇ ਮਨਾ ਰਹੀ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸ਼ਿਰਕਤ ਕਰਨਗੇ।