ਅਰਵਿੰਦ ਰੰਗੀ, ਤਪਾ ਮੰਡੀ : ਸਥਾਨਕ ਰੂਪ ਚੰਦ ਰੋਡ 'ਤੇ ਲੱਖਾਂ ਰੁਪਏ ਦੀ ਗਰਾਂਟ ਨਾਲ ਇੰਟਰਲਾਕਿੰਗ ਟਾਈਲਾਂ ਲਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ, ਨਿਰਮਾਣ ਅਧੀਨ ਕੰਮ ਦੀ ਧੀਮੀ ਗਤੀ ਹੋਣ ਕਾਰਨ ਸੜਕ ਸਥਿਤ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਬਕਾ ਕੌਂਸਲਰ ਦਵਿੰਦਰ ਦੀਕਸ਼ਿਤ (ਟੀਟੂ) ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਲਈ ਠੇਕੇਦਾਰ ਨੂੰ ਲਗਭਗ 7 ਮਹੀਨੇ ਪਹਿਲਾਂ ਉਦਘਾਟਨ ਕੀਤਾ ਗਿਆ ਸੀ, ਪਰ ਕੰਮ ਦੀ ਧੀਮੀ ਚਾਲ ਹੋਣ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਹਨ, ਕਿਉਂਕਿ ਇਹ ਸੜਕ ਇਲਾਕੇ ਦੇ ਕਈ ਪਿੰਡਾਂ ਨੂੰ ਮਿਲਾਉਣ ਨਾਲ ਮੰਡੀ 'ਚ ਦਾਖਲ ਹੋਣਾ ਪੈਂਦਾ ਹੈ ਤੇ ਇਹੋ ਰੋਡ ਤਹਿਸੀਲ ਦਫਤਰ ਨੂੰ ਜਾਣ ਕਾਰਨ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਧ ਵਿਚਕਾਰ ਪਏ ਨਿਰਮਾਣ ਕਾਰਨ ਟਾਈਲਾਂ ਸੜਕ 'ਤੇ ਥਾਂ-ਥਾਂ ਖਿਲਰੀਆਂ ਪਈਆਂ ਹਨ। ਜ਼ਿਕਰਯੋਗ ਹੈ ਕਿ ਇਸ ਰੋਡ 'ਤੇ ਕਈ ਨਾਮਵਰ ਕਲੀਨਿਕ, ਸਟੇਟ ਬੈਂਕ ਆਫ ਇੰਡੀਆ ਤੇ ਸਕੂਲ ਬਣੇ ਹੋਏ ਹਨ, ਜਿਹੜੇ ਕਿ ਲਾਕਡਾਊਨ ਖੁੱਲ੍ਹਣ ਕਾਰਨ ਚੱਲ ਪਏ ਹਨ ਤੇ ਇਸ ਸੜਕ ਦੇ ਦੋਵੇਂ ਪਾਸੇ ਕਮਰਸੀਅਲ ਤੇ ਰਿਹਾਇਸੀ ਸਥਾਨ ਬਣੇ ਹੋਏ ਹਨ। ਜਿਸ ਕਾਰਨ ਇੱਥੇ ਆਉਣਾ-ਜਾਣਾ ਬਹੁਤ ਰਹਿੰਦਾ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਆਗਾਮੀ ਤਿਉਹਾਰਾਂ ਨੂੰ ਦੇਖਦਿਆਂ ਸੜਕ ਦਾ ਨਿਰਮਾਣ ਜਲਦੀ ਕੀਤਾ ਜਾਵੇ, ਤਾਂ ਕਿ ਮੰਦੀ ਦੀ ਹਾਲਤ 'ਚ ਚੱਲ ਰਹੇ ਲੋਕ ਅਪਣੇ ਤਿਉਹਾਰਾਂ ਨੂੰ ਖੁਸ਼ੀ-ਖੁਸ਼ੀ ਮਨਾ ਸਕਣ। ਜਦ ਸੰਬੰਧਤ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਸੜਕ ਦਾ ਨਿਰਮਾਣ ਕਰ ਦਿੱਤਾ ਜਾਵੇਗਾ, ਕਿਉਂਕਿ ਝੋਨੇ ਦਾ ਸੀਜਨ ਹੋਣ ਕਾਰਣ ਮਜਦੂਰਾਂ ਦੀ ਕਮੀ ਪੈ ਗਈ ਹੈ, ਫਿਰ ਵੀ ਮਹਿੰਗੀ ਮਜ਼ਦੂਰੀ ਦੇ ਕੇ ਕੰਮ ਕਰਵਾਏ ਜਾ ਰਹੇ ਹਨ।