ਦਰਸ਼ਨ ਸਿੰਘ ਚੌਹਾਨ, ਸੁਨਾਮ : ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦਾਂ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਨੀਲੇ ਕਾਰਡ ਕੱਟ ਦਿੱਤੇ ਜਾਣ ਤੋਂ ਭੜਕੇ ਲੋਕਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਸੋਮਵਾਰ ਨੂੰ ਖੁਰਾਕ ਸਪਲਾਈ ਦਫ਼ਤਰ ਸੁਨਾਮ ਅੱਗੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਲਣ ਵਾਲੀਆਂ ਸਕੀਮਾਂ ਲੋੜਵੰਦ ਪਰਿਵਾਰਾਂ ਤੋਂ ਇੱਕ ਇੱਕ ਕਰਕੇ ਖੋਹ ਰਹੀ ਹੈ। ਉਨਾਂ੍ਹ ਕਿਹਾ ਕਿ ਪਿੰਡਾਂ 'ਚ ਵਸਦੇ ਗਰੀਬ ਵਰਗ ਦੇ ਬਿਨਾਂ ਪੜਤਾਲ ਕੀਤਿਆਂ ਨੀਲੇ ਰਾਸ਼ਨ ਕਾਰਡ ਇਕ ਸਾਲ ਪਹਿਲਾ ਕੱਟ ਦਿੱਤੇ ਗਏ ਸਨ, ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਮਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਉਨਾਂ੍ਹ ਕਿਹਾ ਕਿ ਬਹੁਤੇ ਪਰਿਵਾਰਾਂ ਦੇ ਮੈਂਬਰਾਂ ਦੇ ਰਾਸ਼ਨ ਕਾਰਡ ਆਧਾਰ ਕਾਰਡ ਨਾਲ ਨਹੀਂ ਜੋੜੇ ਗਏ ਜਿਸ ਕਾਰਨ ਲੋੜਵੰਦ ਪਰਿਵਾਰ ਰਾਸ਼ਨ ਲੈਣ ਤੋਂ ਵਾਂਝੇ ਰਹਿ ਰਹੇ ਹਨ। ਉਨਾਂ੍ਹ ਮੰਗ ਕੀਤੀ ਕਿ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਤੁਰੰਤ ਬਣਾਏ ਜਾਣ, ਉਨਾਂ੍ਹ ਕਿਹਾ ਕਿ ਮਸਲੇ ਨੂੰ ਹੱਲ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਮਜ਼ਦੂਰ ਆਗੂ ਗੋਬਿੰਦ ਛਾਜਲੀ ਨੇ ਕਿਹਾ ਕਿ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।