ਸੁਰਿੰਦਰ ਗੋਇਲ, ਸ਼ਹਿਣਾ :

ਮੰਗਲਵਾਰ ਨੂੰ ਬਰਨਾਲਾ-ਬਾਜਾਖਾਨਾ ਮੁੱਖ ਮਾਰਗ 'ਤੇ ਸ਼ਹਿਣਾ ਵਿਖੇ ਪੀੜ੍ਹਤ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਸਹਿਯੋਗ ਨਾਲ ਮਰਨ ਲਈ ਮਜਬੂਰ ਕਰਨ ਦੇ ਪਰਚੇ 'ਚ ਨਾਮਜ਼ਦ ਆਈਲੈਟਸ ਸੈਂਟਰ ਭਦੌੜ ਦੇ 2 ਏਜੰਟਾਂ ਖ਼ਿਲਾਫ਼ 420 ਤਹਿਤ ਠੱਗੀ ਮਾਰਨ ਦੀ ਧਾਰਾ ਲਾਉਣ ਲਈ ਜਾਮ ਲਾ ਕੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਦੋਵੇ ਏਜੰਟਾਂ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਭੜਾਸ ਕੱਢੀ। ਇਸ ਸਮੇਂ ਪੀੜਤ ਜਸਮੇਲ ਸਿੰਘ, ਭਾਕਿਯੂ ਲੱਖੋਵਾਲ ਦੇ ਬਲਾਕ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਆਈਲੈਟਸ ਸੈਂਟਰ ਭਦੌੜ ਦੇ 2 ਏਜੰਟਾਂ ਵੱਲੋਂ ਲੜਕੀ ਨੂੰ ਕੈਨੇਡਾ ਭੇਜਣ ਲਈ 11 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਲੜਕੀ ਦਾ ਆਫਰ ਲੈਟਰ ਆਉਣ 'ਤੋਂ ਬਾਅਦ ਵੀਜ਼ਾ ਲੱਗ ਗਿਆ ਤੇ ਉਹ ਕੈਨੇਡਾ ਚਲੀ ਗਈ, ਜਿੱਥੇ ਜਾ ਕੇ ਪਤਾ ਲੱਗਾ ਕਿ ਕਾਲਜ ਦੀ ਫੀਸ ਭਰੀ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਦੋਵੇ ਏਜੰਟਾਂ ਨਾਲ ਗੱਲਬਾਤ ਕੀਤੀ, ਪਰ ਫੀਸ ਨਾ ਭਰਨ ਤੇ ਏਜੰਟਾਂ ਵੱਲੋਂ ਧਮਕੀਆਂ ਦੇਣ 'ਤੇ ਸਦਮੇ 'ਚ ਲੜਕੀ ਦੀ ਦਾਦੀ ਬਲਵੀਰ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸ਼ਹਿਣਾ ਵਿਖੇ ਆਈਲੈਟਸ ਸੈਂਟਰ ਦੇ ਦੋਵੇਂ ਏਜੰਟਾਂ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਗਿਆ, ਜਦ ਕਿ ਠੱਗੀ ਮਾਰਨ ਦੀ ਧਾਰਾ ਨਾਲ ਨਹੀਂ ਲਗਾਈ ਗਈ। ਇਸ ਮੌਕੇ ਸਾਧੂ ਸਿੰਘ, ਤੇਜਾ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ ਨਾਈਵਾਲਾ, ਜਗਤਾਰ ਸਿੰਘ ਝੱਜ, ਦਰਸ਼ਨ ਸਿੰਘ ਸਿੱਧੂ, ਤੇਜਾ ਸਿੰਘ ਨੰਬਰਦਾਰ, ਗੁਰਤੇਜ ਸਿੰਘ, ਬਸੰਤ ਸਿੰਘ ਆਦਿ ਹਾਜ਼ਰ ਸਨ।

ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਪ੍ਰਰੀਤ ਸਿੰਘ ਵੜੈਚ ਖੁਦ ਧਰਨਾਕਾਰੀਆਂ ਕੋਲ ਪਹੁੰਚ ਕੇ ਉਨ੍ਹਾਂ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ। ਧਰਨਾਕਾਰੀਆਂ ਨੇ ਤੁਰੰਤ ਦੋਵੇ ਏਜੰਟਾਂ ਦੀ ਗਿ੍ਫਤਾਰੀ ਤੇ ਠੱਗੀ ਮਾਰਨ ਦੀ ਧਾਰਾ ਲਗਾਉਣ ਦੀ ਮੰਗ ਕੀਤੀ। ਐੱਸਐੱਚਓ ਗੁਰਪ੍ਰਰੀਤ ਸਿੰਘ ਵੜੈਚ ਕਿਹਾ ਕਿ ਮਾਨਯੋਗ ਅਦਾਲਤ 'ਚ ਦੋਵੇ ਏਜੰਟਾਂ ਦੀ ਜਮਾਨਤ ਹੋ ਚੁੱਕੀ ਹੈ, ਪਰ ਠੱਗੀ ਦੀ ਧਾਰਾ ਲਾਉਣ ਸਬੰਧੀ ਲਿਖਤੀ ਦਿੱਤਾ ਜਾਵੇ, ਜੇਕਰ ਧਾਰਾ 420 ਬਣਦੀ ਹੋਵੇਗੀ ਤਾਂ ਜੁਰਮ 'ਚ ਵਾਧਾ ਹੋਵੇਗਾ। ਐੱਸਐੱਚਓ ਗੁਰਪ੍ਰਰੀਤ ਸਿੰਘ ਵੜੈਚ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਤੇ ਕਿਹਾ ਕਿ ਜੇਕਰ ਜਲਦ ਹੀ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਅਣਮਿਥੇ ਸਮੇਂ ਲਈ ਜਾਮ ਲਾਉਣਗੇ।