ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਪਾਵਰਕਾਮ ਵੱਲੋਂ ਇੱਕ ਵਿਅਕਤੀ ਦੀ ਵਰਕਸ਼ਾਪ ਦਾ ਬਿਜਲੀ ਕੂਨੈਕਸ਼ਨ ਕੱਟਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਪਾਵਰਕਾਮ ਦਫ਼ਤਰ ਵਿਖੇ ਖੂਬ ਹੰਗਾਮਾ ਹੋਇਆ। ਅਧਿਕਾਰੀਆਂ 'ਤੇ ਧੱਕੇਸ਼ਾਹੀ ਕਰਨ ਅਤੇ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲਾਉਂਦਾ ਹੋਇਆ ਪੀੜ੍ਹਤ ਵਿਅਕਤੀ ਬਿਜਲੀ ਕੂਨੈਕਸ਼ਨ ਬਹਾਲ ਕਰਵਾਉਣ ਲਈ ਨੰਗੇ ਧੜ ਐੱਸਡੀਓ ਦੇ ਕਮਰੇ ਵਿੱਚ ਧਰਨੇ 'ਤੇ ਬੈਠ ਗਿਆ ਤੇ ਵਿਭਾਗ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਨ ਲੱਗਾ। ਵਿਅਕਤੀ ਨੇ ਮੌਕੇ 'ਤੇ ਆਪਣੇ ਪੂਰੇ ਪਰਿਵਾਰ ਨੂੰ ਬੁਲਾ ਕੇ ਚੇਤਾਵਨੀ ਦਿੱਤੀ ਕਿ ਮੰਗ ਪੂਰੀ ਨਾ ਹੋਣ 'ਤੇ ਉਹ ਇੱਥੇ ਹੀ ਦਫ਼ਤਰ ਵਿੱਚ ਪਰਿਵਾਰ ਸਮੇਤ ਤੇਲ ਿਛੜਕ ਕੇ ਆਤਮਦਾਹ ਕਰ ਲਵੇਗਾ। ਜਿਸ ਤੋਂ ਬਾਅਦ ਉੱਥੇ ਹਾਜ਼ਰ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਉਪਰੰਤ ਮੌਕੇ ਉਪਰ ਪਹੁੰਚੀ ਪੁਲਸ ਨੇ ਪਰਿਵਾਰ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਸਥਿਤੀ 'ਤੇ ਕਾਬੂ ਪਾਇਆ। ਪੀੜ੍ਹਤ ਵਿਅਕਤੀ ਦੇ ਹੱਕ 'ਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਨੇ ਮਸਲੇ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦਾ ਭਰੋਸਾ ਦਿਵਾਇਆ।

*ਕੀ ਹੈ ਪੂਰਾ ਮਾਮਲਾ*:

ਆਪਣੇ ਬਿਰਧ ਮਾਤਾ-ਪਿਤਾ, ਬਿਮਾਰ ਪਤਨੀ ਤੇ ਦੋ ਅਪੰਗ ਬੱਚਿਆਂ ਨਾਲ ਧਰਨੇ 'ਤੇ ਬੈਠੇ ਨੇੜਲੇ ਪਿੰਡ ਕਾਕੜਾ ਦੇ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਗ਼ਰੀਬ ਵਰਗ ਨਾਲ ਸਬੰਧਤ ਹੈ ਤੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਹੀ ਵਰਕਸ਼ਾਪ ਚਲਾਉਂਦਾ ਹੈ। ਵਿਅਕਤੀ ਨੇ ਦੋਸ਼ ਲਾਇਆ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਪਿਛਲੇ ਵੀਰਵਾਰ ਉਸਦੀ ਵਰਕਸ਼ਾਪ ਦਾ ਬਿਜਲੀ ਕੂਨੈਕਸ਼ਨ ਇਹ ਕਹਿ ਕੇ ਕੱਟ ਦਿੱਤਾ ਗਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਤੋਂ ਲਿਖਤੀ ਆਰਡਰ ਜਾਰੀ ਹੋਏ ਹਨ।

ਇਸ ਸਬੰਧੀ ਪਾਵਰਕਾਮ ਦੇ ਸਬ ਡਵੀਜਨ ਅਫਸਰ ਇੰਜ. ਹਰਬੰਸ ਸਿੰਘ ਨੇ ਮੰਨਿਆ ਕਿ ਉਕਤ ਵਿਅਕਤੀ ਦਾ ਬਿਜਲੀ ਕੂਨੈਕਸ਼ਨ ਬੀਡੀਪੀਓ ਦਫ਼ਤਰ ਤੋਂ ਪ੍ਰਰਾਪਤ ਹੋਏ ਪੱਤਰ ਮੁਤਾਬਕ ਸਰਕਾਰੀ ਨਿਯਮਾਂ ਅਨੁਸਾਰ ਕੱਟਿਆ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ, ਮਾਲਵਿੰਦਰ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਬਹਾਦਰ ਸਿੰਘ, ਸਤਗੁਰ ਸਿੰਘ, ਸੂਬਾ ਸਿੰਘ, ਬਿੱਟੂ ਸਿੰਘ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਵਿਅਕਤੀ ਦਾ ਕੱਟਿਆ ਬਿਜਲੀ ਕੂਨੈਕਸ਼ਨ ਬਹਾਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਪਾਵਰਕਾਮ ਤੇ ਬੀਡੀਪੀਓ ਦਫ਼ਤਰ ਦਾ ਿਘਰਾਓ ਕੀਤਾ ਜਾਵੇਗਾ।

===

ਅਧਿਕਾਰੀ ਕਰ ਰਹੇ ਹਨ ਧੱਕਾ : ਪੀੜਤ

ਇਸ ਸਬੰਧੀ ਜਦੋਂ ਉਨ੍ਹਾਂ ਬੀਡੀਪੀਓ ਦਫ਼ਤਰ ਪਤਾ ਕੀਤਾ ਗਿਆ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਤੁਹਾਡੀ ਉਸਾਰੀ ਵੀ ਨਜਾਇਜ਼ ਹੈ ਅਤੇ ਉਸ ਨੂੰ ਵੀ ਢਾਹ ਦਿੱਤਾ ਜਾਵੇਗਾ। ਪੀੜ੍ਹਤ ਵਿਅਕਤੀ ਨੇ ਦੋਸ਼ ਲਾਇਆ ਕਿ ਭਿ੍ਸ਼ਟਾਚਾਰ 'ਚ ਡੁੱਬ ਕੇ ਧਨਾਢਾਂ ਦੇ ਧੱਕੇ ਚੜ ਕੇ ਅਧਿਕਾਰੀ ਉਸ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ ਤੇ ਬਿਜਲੀ ਮੀਟਰ ਦੁਬਾਰਾ ਲਵਾਉਣ ਲਈ ਉਹ ਕਰੀਬ ਇੱਕ ਹਫ਼ਤੇ ਤੋਂ ਪਾਵਰਕਾਮ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ।

===

ਲਾਏ ਦੋਸ਼ ਬੇਬੁਨਿਆਦ

ਵਿਅਕਤੀ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ ਬੇ-ਬੁਨਿਆਦ ਹਨ, ਵਿਭਾਗ ਵੱਲੋਂ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਕਾਰਵਾਈ ਕੀਤੀ ਗਈ ਹੈ।

ਬਲਜੀਤ ਸਿੰਘ ਸੋਹੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਵਾਨੀਗੜ੍ਹ।