ਮਨੋਜ ਕੁਮਾਰ, ਧੂਰੀ : ਇਲਾਕੇ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਧੂਰੀ ਖੰਡ ਮਿੱਲ ਵੱਲ ਰਹਿੰਦੇ ਆਪਣੇ ਕਰੋੜਾਂ ਰੁਪਏ ਦੇ ਬਕਾਏ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮਿੱਲ ਪ੍ਰਬੰਧਕਾਂ ਦੇ ਲਾਰਿਆਂ ਤੋਂ ਅੱਕੇ ਗੰਨਾ ਕਾਸ਼ਤਕਾਰਾਂ ਵੱਲੋਂ ਮਿੱਲ ਅੰਦਰ ਸ਼ੁਰੂ ਕੀਤੇ ਧਰਨੇ ਨੇ ਵੀਰਵਾਰ ਨੂੰ ਉਦੋਂ ਨਵਾਂ ਮੋੜ ਲੈ ਲਿਆ, ਜਦ ਦੋ ਗੰਨਾ ਕਾਸ਼ਤਕਾਰ ਅਦਾਇਗੀ ਦੀ ਮੰਗ ਲੈ ਕੇ ਮਿੱਲ ਦੀ ਚਿਮਨੀ 'ਤੇ ਜਾ ਚੜ੍ਹੇ।

ਇਸ ਮੌਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਮਿੱਲ ਪ੍ਰਬੰਧਕਾਂ ਵੱਲ ਹਾਲੇ ਵੀ ਕਿਸਾਨਾਂ ਦਾ ਕਰੀਬ ਸਾਢੇ 9 ਕਰੋੜ ਰੁਪਏ ਬਕਾਇਆ ਰਹਿੰਦਾ ਹੈ ਪਰ ਮਿੱਲ ਪ੍ਰਬੰਧਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਵਾਅਦਾ ਖ਼ਿਲਾਫ਼ੀ ਕਰ ਰਹੇ ਹਨ ਅਤੇ ਜੇਕਰ ਪ੍ਰਬੰਧਕਾਂ ਨੇ ਤੁਰੰਤ ਰਹਿੰਦੀ ਅਦਾਇਗੀ ਨਾ ਕੀਤੀ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਸ ਸਬੰਧੀ ਐੱਸਐੱਚਓ ਸਿਟੀ ਧੂਰੀ ਦਰਸ਼ਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।