ਬੂਟਾ ਸਿੰਘ ਚੌਹਾਨ, ਸੰਗਰੂਰ

ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਚ ਲੁਕਵੇਂ ਢੰਗ ਨਾਲ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਸਮਾਪਤ ਕਰਨ, ਵਰਿ੍ਹਆਂ ਤੋਂ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਾ ਦੇਣ, 228 ਪੀ ਟੀ ਆਈ ਅਧਿਆਪਕਾ ਨੂੰ ਬਲਾਕ ਪ੍ਰਰਾਇਮਰੀ ਦਫ਼ਤਰਾਂ 'ਚ ਤਬਦੀਲ ਅਤੇ ਸਿੱਖਿਆ ਦੇ ਨਿੱਜੀਕਰਨ ਖ਼ਿਲਾਫ਼ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਜ਼ਿਲ੍ਹੇ ਭਰ ਤੋਂ ਪਹੁੰਚੇ ਅਧਿਆਪਕਾਂ ਨੇ ਜ਼ਿਲ੍ਹਾ ਕਨਵੀਨਰਾਂ ਦੇਵੀ ਦਿਆਲ, ਗੁਰਸੇਵਕ ਸਿੰਘ ਕਲੇਰ, ਨਿਰਭੈ ਸਿੰਘ, ਸੁਖਜਿੰਦਰ ਸਿੰਘ ਹਰੀਕਾ, ਜਰਨੈਲ ਸਿੰਘ ਮਿੱਠੇਵਾਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅਧਿਆਪਕ ਇੱਥੇ ਹਾਊਸਿੰਗ ਬੋਰਡ ਕਲੋਨੀ ਨੇੜੇ ਇਕੱਠੇ ਹੋਏ ਤੇ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪਹੁੰਚੇ।

ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਤੇਜੀ ਨਾਲ ਸਿੱਖਿਆ ਵਿਭਾਗ ਦੀ ਆਕਾਰ ਘਟਾ ਰਹੀ ਹੈ। ਨਵੀਂ ਭਰਤੀ ਦੀ ਬਜਾਏ ਕੰਮ ਕਰ ਰਹੇ ਅਧਿਆਪਕਾਂ ਨੂੰ ਅਦਲ ਬਦਲ ਕੇ ਵਿਭਾਗ ਅੰਦਰ ਤਣਾਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਕ ਪਾਸੇ ਸਿੱਖਿਆ ਵਿਭਾਗ ਦਾ ਦਾਅਵਾ ਹੈ ਕਿ ਸਕੂਲਾਂ ਅੰਦਰ 14% ਦਾਖਲੇ ਵਧੇ ਹਨ, ਵਧੇ ਦਾਖਲਿਆਂ ਉਪਰੰਤ ਅਧਿਆਪਕਾਂ ਦੀ ਨਵੀਂ ਭਰਤੀ ਕੀਤੀ ਜਾਣੀ ਚਾਹੀਦੀ ਹੈ। ਉਲਟਾ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਖਤਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰੀ ਸਕੂਲਾਂ ਸਿੱਖਿਆ ਖ਼ਿਲਾਫ਼ ਸਾਜ਼ਿਸ਼ਾਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿਚ ਰਹਿੰਦੀਆਂ ਅਧਿਆਪਕ ਧਿਰਾਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਵਿਸ਼ਾਲ ਸੰਘਰਸ਼ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਰਘਵੀਰ ਸਿੰਘ ਭਵਾਨੀਗੜ੍ਹ, ਮੇਘ ਰਾਜ, ਕਰਮਜੀਤ ਸਿੰਘ ਨਦਾਮਪੁਰ, ਹਰਜੀਤ ਸਿੰਘ ਗਲਵੱਟੀ, ਸਤਵੰਤ ਸਿੰਘ ਆਲਮਪੁਰ, ਕਿ੍ਸ਼ਨ ਸਿੰਘ ਦੁੱਗਾਂ, ਕਮਲਜੀਤ ਸਿੰਘ, ਗੁਰਦੇਵ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ, ਹਰਜਿੰਦਰ ਸਿੰਘ, ਮੁਖਤਿਆਰ ਸਿੰਘ ਅਤੇ ਪਰਮਵੀਰ ਸਿੰਘ ਵੀ ਹਾਜ਼ਰ ਸਨ।