ਪੱਤਰ ਪ੍ਰਰੇਰਕ, ਬਰਨਾਲਾ : ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਕੂੜੇ ਦਾ ਡੰਪ ਬਣ ਗਿਆ ਹੈ ਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ 'ਚੋਂ ਭਿਆਨਕ ਬਦਬੂ ਮਾਰ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਦਾ ਜਿਉਣਾ ਦੁਸ਼ਵਾਰ ਹੋ ਗਿਆ ਹੈ। ਇਹ ਪ੍ਰਗਟਾਵਾ ਉੱਘੇ ਨੌਜਵਾਨ ਸਮਾਜਸੇਵੀ ਰਿਸ਼ੂ ਕਾਂਸਲ ਨੇ ਕੀਤਾ। ਕਾਂਸਲ ਨੇ ਕਿਹਾ ਕਿ ਸਫ਼ਾਈ ਸੇਵਕਾਂ ਵਲੋਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਬੀਤੀ 13 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਸੀ, ਜੋ ਸ਼ੁੱਕਰਵਾਰ ਨੂੰ 31ਵੇਂ ਦਿਨ 'ਚ ਪ੍ਰਵੇਸ਼ ਕਰ ਗਈ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਉਹ ਜੋ ਵੀ ਮਿਹਨਤ ਕਰਦੇ ਹਨ, ਉਸਦਾ ਸਹੀ ਮੁੱਲ ਮੰਗ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਰਕਿਨਾਰ ਕਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਮੰਨਕੇ ਸਫ਼ਾਈ ਸੇਵਕਾਂ ਤੇ ਸਰਕਾਰ ਵਿਚਕਾਰ ਚੱਲ ਰਿਹਾ ਡੈਡਲਾਕ ਖ਼ਤਕ ਕਰੇ। ਕਾਂਸਲ ਨੇ ਅੱਗੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਕਈ ਕਰੀਬ 1 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਵਲੋਂ ਸਫ਼ਾਈ ਮੁਲਾਜ਼ਮਾਂ ਦੀ ਗੱਲ ਨਹੀ ਸੁਣੀ ਜਾ ਰਹੀ, ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਦਿਨੋਂ-ਦਿਨ ਸ਼ਹਿਰ 'ਚ ਕੂੁੜੇ ਦੇ ਢੇਰ ਲੱਗ ਰਹੇ ਹਨ। ਇਕ ਤਾਂ ਕੋਰੋਨਾ ਮਹਾਮਾਰੀ ਤੇ ਉਪਰੋਂ ਸ਼ਹਿਰ 'ਚ ਸਫ਼ਾਈ ਨਾ ਹੋਣ ਕਾਰਨ ਕਦੇ ਵੀ ਕੋਈ ਭਿਆਨਕ ਬੀਮਾਰੀ ਫੈਲ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਸਰਕਾਰ ਸਫ਼ਾਈ ਸੇਵਕਾਂ ਦੀ ਮੰਗਾਂ ਤੁਰੰਤ ਪ੍ਰਵਾਨ ਕਰੇ।