ਸਟਾਫ਼ ਰਿਪੋਰਟਰ, ਬਰਨਾਲਾ : ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਦੀ ਬਾਜ਼ੀਗਰ ਬਸਤੀ 'ਚ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਨਾਲ ਡੇਂਗੂ ਸਮੇਤ ਹੋਰ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਜਿਸ ਦੇ ਰੋਸ ਵਜੋਂ ਮੁਹੱਲਾ ਨਿਵਾਸੀਆਂ ਨੇ ਰੋਸ਼ ਪ੍ਰਗਟ ਕੀਤਾ। ਇਸ ਮੋਕੇ ਪੁੱਜੇ ਵਾਰਡ ਕੌਂਸਲਰ ਅਮਰਜੀਤ ਕੁਮਾਰ ਨੇ ਸਫ਼ਾਈ ਸੇਵਕਾਂ ਦੇ ਹੱਕ 'ਚ ਨਿੱਤਰਕੇ ਕਿਹਾ ਕਿ ਸਫ਼ਾਈ ਸੇਵਕ ਲਗਭਗ ਇਕ ਮਹੀਨੇ ਤੋਂ ਧਰਨੇ 'ਤੇ ਬੈਠੇ ਅਪਣੀਆਂ ਮੰਗਾਂ ਲਈ ਸੰਘਰਸ ਕਰ ਰਹੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮਾਨਸੂਨ ਸਿਰ 'ਤੇ ਹੋਣ ਕਾਰਨ ਇਹ ਸਮੱਸਿਆਂ ਲੋਕਾਂ ਲਈ ਘਾਤਕ ਸਿੱਧ ਹੋ ਸਕਦੀ ਹੈ, ਪਰ ਅਫ਼ਸਰਸ਼ਾਹੀ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਲੋਕ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮੱਸਿਆਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੋਕੇ ਬਬਲੀ, ਰਵੀਨਾ ਦੇਵੀ, ਭਿੰਦਰ ਦੇਵੀ, ਪਿਆਰਾ ਰਾਮ, ਮਿਲਖੀ ਰਾਮ, ਪ੍ਰਸ਼ੋਤਮ ਦਾਸ ਨੇ ਕਿਹਾ ਹੈ ਕਿ ਸਭ ਤੋਂ ਵੱਧ ਮੁਸ਼ਕਲ ਬੱਚਿਆਂ ਨੂੰ ਆ ਰਹੀ ਹੈ ਕਿਉਂਕਿ ਗੰਦੇ ਪਾਣੀ ਕਾਰਨ ਘਰੋਂ ਨਹੀਂ ਨਿਕਲ ਸਕਦੇ।