ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ 6 ਤੇ 7 ਮਈ ਨੂੰ ਹੜਤਾਲ ਦੇ ਰੂਪ 'ਚ ਸਮੂਹਿਕ ਛੁੱਟੀ 'ਤੇ ਜਾਣ ਦੇ ਫੈਸਲੇ ਤਹਿਤ ਵੀਰਵਾਰ ਭਵਾਨੀਗੜ੍ਹ ਤਹਿਸੀਲ ਦੇ ਸਮੂਹ ਪਟਵਾਰੀ ਛੁੱਟੀ 'ਤੇ ਰਹੇ, ਜਿਸ ਕਾਰਨ ਪਟਵਾਰ ਵਰਕ ਸਟੇਸ਼ਨਾਂ ਨੂੰ ਤਾਲੇ ਲੱਗੇ ਹੋਣ ਕਾਰਨ ਮਾਲ ਵਿਭਾਗ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਇਸ ਸਬੰਧੀ ਤਹਿਸੀਲ ਪ੍ਰਧਾਨ ਸੁਮਨਦੀਪ ਸਿੰਘ ਭੁੱਲਰ, ਜਨਰਲ ਸਕੱਤਰ ਮੁਨੀਸ਼ ਕੁਮਾਰ ਤੇ ਖਜ਼ਾਨਚੀ ਮੰਗਤ ਰਾਏ ਨੇ ਦੱਸਿਆ ਜਥੇਬੰਦੀ ਲੰਮੇ ਸਮੇਂ ਤੋਂ ਲਟਕਦੀਆਂ ਅਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੀ ਹੈ ਤੇ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਪਟਵਾਰੀ ਕਾਨੂੰਨਗੋ ਤੇ ਮਾਲ ਵਿਭਾਗ ਦੇ ਹੋਰ ਕਰਮਚਾਰੀਆਂ ਵੱਲੋਂ 6 ਤੇ 7 ਮਈ ਨੂੰ ਸਮੂਹਿਕ ਛੁੱਟੀ ਉਪਰ ਜਾਣ ਤੇ ਨਾਲ ਹੀ ਤਹਿਸੀਲ ਪੱਧਰ 'ਤੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ 12 ਤੇ 13 ਮਈ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ ਤੇ ਫਿਰ ਵੀ ਸਰਕਾਰ ਦੇ ਕੰਨ 'ਤੇ ਜੂੰ ਨਾ ਸਰਕੀ ਤਾਂ 15 ਨੂੰ ਸਾਰੇ ਵਾਧੂ ਸਰਕਲਾਂ ਦਾ ਕੰਮ ਛੱਡ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਸਰਕਾਰ ਤੋਂ ਜਥੇਬੰਦੀ ਦੀਆਂ ਲਟਕਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਮੰਗਾਂ ਨਾ ਮੰਨਣ 'ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਟਵਾਰੀ ਪ੍ਰਰੇਮ ਸਿੰਗਲਾ, ਬਲਜੀਤ ਸਿੰਘ, ਰਾਜ ਕੁਮਾਰ, ਹਰਵਿੰਦਰ ਸਿੰਘ, ਭੁਪਿੰਦਰ ਕੌਰ, ਰਮਨਦੀਪ ਸਿੰਘ ਸਮੇਤ ਕਾਨੂੰਨਗੋ ਨਿਰਮਲ ਸਿੰਘ, ਜਗਜੀਤ ਸਿੰਘ ਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।