ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਵੱਲੋਂ ਪਿੰਡ ਪੰਨਵਾਂ ਦੇ ਮਿ੍ਤਕ ਕਿਸਾਨ ਰਾਜ ਕੁਮਾਰ ਦੀ ਜ਼ਮੀਨ ਦੀ ਕੁਰਕੀ ਦੇ ਵਿਰੋਧ ਅਤੇ ਪ੍ਰਸ਼ਾਸਨ ਵੱਲੋਂ ਅਦਾਲਤ ਨੂੰ ਗੁੰਮਰਾਹ ਕਰ ਕੇ ਕਿਸਾਨਾਂ 'ਤੇ ਦਰਜ ਕਰਵਾਏ ਪਰਚਿਆਂ ਦੇ ਵਿਰੋਧ 'ਚ ਵੀਰਵਾਰ ਨੂੰ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਦੀ ਧਰਮਸਾਲਾ ਵਿੱਚ ਵੱਡਾ ਇਕੱਠ ਕੀਤਾ ਗਿਆ ਅਤੇ ਪਿੰਡ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੋਂ ਵੋਟਾਂ ਵਟੋਰਨ ਖਾਤਰ ਕਾਂਗਰਸ ਸਰਕਾਰ ਨੇ 'ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ' ਦਾ ਨਾਅਰਾ ਖੂਬ ਪ੍ਰਚਾਰਿਆ ਅਤੇ ਕਿਹਾ ਸੀ ਕਿ ਪੰਜਾਬ ਦੇ ਸਮੂਹ ਕਿਰਤੀ ਕਿਸਾਨ ਦਾ ਕਰਜ਼ਾ ਪੰਜਾਬ ਸਰਕਾਰ ਵੱਲੋਂ ਭਰਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਕੀਤੀ ਜਾਵੇਗੀ ਪਰ ਅੱਜ ਨਾ ਤਾਂ ਕਿਸਾਨਾਂ ਦਾ ਕਰਜ਼ਾ ਖਤਮ ਹੋਇਆ ਨਾਂ ਹੀ ਕੁਰਕੀਆਂ ਬੰਦ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਪਰਿਵਾਰ ਦੇ ਦੱਸਣ ਅਨੁਸਾਰ ਕਿਸਾਨ ਰਾਜ ਕੁਮਾਰ ਨੇ 3.5 ਲੱਖ ਰੁਪਏ ਬੁਢਲਾਡਾ ਦੇ ਫਾਇਨਾਂਸਰ ਕੋਲੋਂ ਲਏ ਸਨ ਜਿਸ 'ਚੋਂ ਤਿੰਨ ਲੱਖ ਰੁਪਏ ਵਾਪਸ ਕਰ ਦਿੱਤੇ ਗਏ ਅਤੇ ਪੰਜਾਹ ਹਜ਼ਾਰ ਰੁਪਏ ਬਾਕੀ ਸਨ, ਪਰ ਸ਼ਹਿਰ ਦੇ ਇਕ ਵਿਅਕਤੀ ਵੱਲੋਂ ਰਾਜ ਕੁਮਾਰ ਦੇ ਪਰਿਵਾਰ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਸੇ ਪ੍ਰਰੇਸ਼ਾਨੀ ਵਿੱਚ ਰਾਜ ਕੁਮਾਰ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਰੀਬ ਇਕ ਮਹੀਨੇ ਪਹਿਲਾਂ ਵੀ ਕੁਰਕੀ ਕਰਨ ਆਏ ਨਾਇਬ ਤਹਿਸੀਲਦਾਰ ਦਾ ਕਿਸਾਨਾਂ ਨੇ ਿਘਰਾਓ ਕਰਕੇ ਉਨ੍ਹਾਂ ਨੂੰ ਖ਼ਾਲੀ ਹੱਥ ਵਾਪਿਸ ਭੇਜਿਆ ਸੀ।

ਆਗੂਆਂ ਅਤੇ ਪਰਿਵਾਰਕ ਮੈਂਬਰਾਂ ਨੇ ਮੰਗ ਕਰਦਿਆਂ ਕਿਹਾ ਕਿ ਪਰੇਸ਼ਾਨ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਹਰਜਿੰਦਰ ਸਿੰਘ ਤੇ ਰਘਵੀਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ, ਚਮਕੌਰ ਸਿੰਘ ਬਲਿਆਲ, ਜਗਤਾਰ ਸਿੰਘ ਲੱਡੀ, ਜਸਵੀਰ ਸਿੰਘ ਗੱਗੜਪੁਰ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ, ਜੋਗਿੰਦਰ ਸਿੰਘ ਆਲੋਅਰਖ, ਗੁਰਚਰਨ ਸਿੰਘ ਭਿੰਡਰਾਂ ਸਮੇਤ ਨਾਭਾ ਬਲਾਕ ਦੇ ਆਗੂ ਹਰਮੇਲ ਸਿੰਘ ਤੁੰਗਾਂ ਵੀ ਹਾਜ਼ਰ ਸਨ।