ਸੰਭੂ ਗੋਇਲ, ਲਹਿਰਾਗਾਗਾ

ਮੋਦੀ ਸਰਕਾਰ ਵੱਲੋਂ ਜਿਣਸਾਂ ਦੀ ਖ਼ਰੀਦ ਸਬੰਧੀ ਹੱਥ ਪਿੱਛੇ ਖਿੱਚਣ ਤੋਂ ਇਲਾਵਾ ਹੋਰ ਵੱਖ-ਵੱਖ ਨਾਕਾਮੀਆਂ ਨੂੰ ਲੈ ਕੇ ਸਥਾਨਕ ਬੱਸ ਸਟੈਂਡ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੋਦੀ ਸਰਕਾਰ ਦੀ ਅਰਥੀ ਸਾੜੀ।

ਇਸ ਸਮੇਂ ਰਾਮ ਸਿੰਘ ਨੰਗਲਾ, ਬਹਾਲ ਸਿੰਘ ਭੁਟਾਲ ਖੁਰਦ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ ਨੇ ਕਿਹਾ ਕਿ ਮੋਦੀ ਸਰਕਾਰ ਦਿੱਲੀ ਦਾ ਇੰਦਰਾ ਗਾਂਧੀ ਹਵਾਈ ਅੱਡਾ ਵੇਚਣ ਜਾ ਰਹੀ ਹੈ। ਐੱਫਸੀਆਈ ਦੀ ਖ਼ਰੀਦ ਸ਼ਕਤੀ ਪਹਿਲਾਂ ਡੇਢ ਲੱਖ ਕਰੋੜ ਟਨ ਤੋਂ ਘਟਾ ਕੇ ਅੱਧੀ ਕਰ ਦਿੱਤੀ ਗਈ ਹੈ। ਸੜਕਾਂ, ਸਕੂਲ, ਹਸਪਤਾਲ ਅਤੇ ਹੋਰ ਜਨਤਕ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰ ਕੇ ਸਰਕਾਰ ਦਾ ਅਰਥ ਹੀ ਕੀ ਰਹਿ ਜਾਂਦਾ ਹੈ।

ਉਕਤ ਆਗੂਆਂ ਨੇ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਫਾਸੀਵਾਦੀ ਕਾਨੂੰਨ ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਰਗੇ ਲੋਕ ਵਿਰੋਧੀ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।

ਦਿੱਲੀ ਵਿੱਚ ਭਾਜਪਾ ਅਤੇ ਆਰਐੱਸਐੱਸ ਵੱਲੋਂ ਧਰਮ ਦੇ ਨਾਂ ਤੇ ਲੋਕਾਂ ਨੂੰ ਆਪਸ 'ਚ ਲੜਾਇਆ ਜਾ ਰਿਹਾ ਹੈ। ਇਹ ਸਭ ਕੁਝ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਲਈ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਛੇੜਨਾ ਚਾਹੀਦਾ ਹੈ।