ਅਸ਼ਵਨੀ ਸੋਢੀ, ਮਾਲੇਰਕੋਟਲਾ

ਦਿੱਲੀ ਵਿਖੇ ਫਿਰਕੂ ਫਸਾਦ ਭੜਕਾਉਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਹਥਨ ਦੀ ਅਗਵਾਈ ਹੇਠ ਅਨਾਜ ਮੰਡੀ ਵਿਖੇ ਇਕੱਠੇ ਹੋ ਕੇ ਰੋਸ ਰੈਲੀ ਕਰਦਿਆਂ ਐੱਸਡੀਐੱਮ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਹਥਨ, ਨਿਰਮਲ ਸਿੰਘ ਅਲੀਪੁਰ, ਕਰਮਦੀਨ ਰਾਣਵਾਂ, ਇਸਤਿਆਕ ਰਸ਼ੀਦ, ਸਰਬਜੀਤ ਸਿੰਘ ਭੁਰਥਲਾ, ਕੁਲਵਿੰਦਰ ਸਿੰਘ ਭੂਦਨ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆ ਕਿਹਾ ਕਿ ਦਿੱਲੀ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਖ਼ਾਸ ਫਿਰਕੇ ਖ਼ਿਲਾਫ਼ ਫਿਰਕੂ ਫਸਾਦ ਕਰਵਾਏ ਜਾ ਰਹੇ ਹਨ ਅਤੇ ਜਥੇਬੰਦਕ ਭੀੜ ਵੱਲੋਂ ਘੱਟ ਗਿਣਤੀ ਫਿਰਕੇ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਅਗਨ ਭੇਂਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਦਿੱਲੀ ਵਿਚ ਸ਼ਾਂਤਮਈ ਲੋਕਾਂ ਵੱਲੋਂ ਸੀਏਏ ਅਤੇ ਐੱਨਐੱਰਪੀ ਸਮੇਤ ਕਾਲੇ ਕਾਨੂੰਨਾਂ ਖ਼ਿਲਾਫ਼ ਚਲਾਏ ਜਾ ਰਹੇ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਕੇਂਦਰ ਸਰਕਾਰ ਵੱਲੋਂ ਕਥਿਤ ਦੰਗੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਆਪਸੀ ਕੋਈ ਮੱਤਭੇਦ ਨਹੀਂ ਹੈ ਪਰ ਸਰਕਾਰ ਵੱਲੋਂ ਆਰਐਸਐਸ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਹੀ ਫਿਰਕੂ ਦੰਗਿਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ੇਰ ਸਿੰਘ ਮਹੋਲੀ, ਅਮਰਜੀਤ ਸਿੰਘ ਧਲੇਰ, ਕੁਲਦੀਪ ਸਿੰਘ ਝਨੇਰ ਵੀ ਮੌਜੂਦ ਸਨ।