ਪੱਤਰ ਪ੍ਰਰੇਰਕ, ਤਲਵੰਡੀ ਸਾਬੋ : ਸਫਾਈ ਸੇਵਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਨਗਰ ਪੰਚਾਇਤ ਤਲਵੰਡੀ ਸਾਬੋ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸਮੂਹ ਸਫਾਈ ਸੇਵਕਾਂ ਨੇ ਸੋਮਵਾਰ ਨੂੰ ਸਫਾਈ ਦਾ ਕੰਮ ਬੰਦ ਕਰਕੇ ਤਲਵੰਡੀ ਸਾਬੋ ਦੇ ਨਗਰ ਪੰਚਾਇਤ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਪੰਚਾਇਤ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਸਫਾਈ ਸੇਵਕਾਂ ਦੇ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਸਫਾਈ ਸੇਵਕਾਂ ਦੇ ਹੱਕ ਮਾਰੇ ਜਾ ਰਹੇ ਹਨ ਕਿਉਂਕਿ ਸਰਕਾਰ ਵੱਲੋ ਡੀਸੀ ਰੇਟ ਵਿਚ ਵਾਧਾ ਕਰਨ ਤੋਂ ਬਾਅਦ ਵੀ ਤਲਵੰਡੀ ਸਾਬੋ ਨਗਰ ਪੰਚਾਇਤ ਡੀਸੀ ਰੇਟ ਵਿਚ ਵਾਧਾ ਨਹੀਂ ਕਰ ਰਿਹਾ ਜਿਸ ਕਰ ਕੇ ਉਨ੍ਹਾਂ ਨੂੰ ਬਣਦੇ ਹੱਕ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆਂ ਕਿ ਪਹਿਲਾਂ ਵੀ ਨਗਰ ਪੰਚਾਇਤ ਨੇ ਲਿਖਤੀ ਭਰੋਸਾ ਦੇ ਕੇ ਉਨ੍ਹਾਂ ਦਾ ਧਰਨਾ ਚੁੱਕਵਾ ਦਿੱਤਾ ਸੀ ਤੇ ਉਹਨਾਂ ਦੀਆਂ ਮੰਗਾਂ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਕਈ ਮਹੀਨੇ ਬੀਤ ਜਾਣ ਤੋ ਬਾਅਦ ਵੀ ਮੰਗਾਂ ਪੂਰੀਆਂ ਨਹੀਂ ਕੀਤੀ ਗਈਆਂ, ਜਿਸ ਕਰਕੇ ਹੁਣ ਦੁਆਰਾ ਤੋਂ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਟੈਂਡਰ ਅਨੁਸਾਰ ਹੋ ਰਹੀ ਸਪਲਾਈ : ਕਾਰਜ ਸਾਧਕ ਅਫਸਰ

ਜਦੋਂ ਮਾਮਲੇ ਸਬੰਧੀ ਜਦੋ ਕਾਰਜ ਸਾਧਕ ਅਫਸਰ ਤਰੁਣ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜੋ ਟੈਂਡਰ ਰਾਹੀ ਸਪਲਾਈ ਲਈ ਗਈ ਹੈ ਉਸ ਅਨੁਸਾਰ ਹੀ ਤਨਖਾਹ ਦਿੱਤੀ ਜਾ ਰਹੀ ਹੈ। ਬਾਕੀ ਇਸ ਸਬੰਧੀ ਨਗਰ ਪੰਚਾਇਤ ਦੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਅਗਲਾ ਫੈਸਲਾ ਕੀਤਾ ਜਾ ਸਕਦਾ ਹੈ।