ਬੂਟਾ ਸਿੰਘ ਚੌਹਾਨ, ਸੰਗਰੂਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਤਰਫ਼ੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਅਧੀਨ ਡੀਸੀ ਦਫ਼ਤਰ ਦਾ ਕੀਤਾ ਿਘਰਾਓ ਪੰਜਵੇਂ ਦਿਨ ਵੀ ਯਾਰੀ ਰਿਹਾ। ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਦੱਸਿਆ ਕਿ ਡੀਸੀ ਦਫ਼ਤਰ ਦੇ ਅੰਦਰ ਨਾ ਬਾਹਰ ਕਿਸੇ ਵੀ ਅਧਿਕਾਰੀ ਨੂੰ ਨਹੀਂ ਜਾਣ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਭਾਜਪਾ ਦੀ ਹਕੂਮਤ ਦੀ ਤਰਫੋਂ ਪਿਛਲੀ ਪੰਜ ਜੂਨ ਨੂੰ ਖੇਤੀ ਦੇ ਧੰਦੇ ਨੂੰ ਤਬਾਹ ਕਰਨ ਵਾਸਤੇ ਤਿੰਨ ਬਿੱਲ ਲਿਆਂਦੇ ਗਏ ਅਤੇ ਬਾਅਦ ਵਿਚ ਇਨ੍ਹਾਂ ਬਿੱਲਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਬਿੱਲਾਂ ਨਾਲ ਸਮਾਜ ਦੇ ਸਮੂਹ ਤਬਕਿਆਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ। ਬੁਲਾਰਿਆਂ ਨੇ ਕਿਹਾ ਕਿ ਜ਼ਰੂਰੀ ਵਸਤਾਂ ਐਕਟ ਕਾਰਪੋਰੇਟ ਘਰਾਣਿਆਂ ਨੂੰ ਇਸ ਗੱਲ ਦੀ ਖੁੱਲ੍ਹ ਦਿੰਦਾ ਹੈ ਕਿ ਉਹ ਜਿੰਨਾਂ ਚਾਹੁਣ ਉਨ੍ਹਾਂ ਅਨਾਜ ਦਾਲਾਂ, ਸਬਜ਼ੀਆਂ, ਫਲ ਸਟੋਰ ਕਰ ਸਕਦੇ ਹਨ। ਤਰੱਕੀ ਅਤੇ ਸਹਾਇਤਾ ਬਿੱਲ ਸਰਕਾਰੀ ਅਨਾਜ ਮੰਡੀਆਂ ਦਾ ਭੋਗ ਪਾਵੇਗਾ ਅਤੇ ਫਸਲਾਂ ਦੀ ਸਰਕਾਰੀ ਖ਼ਰੀਦ ਨੂੰ ਬੰਦ ਕਰਨ ਦਾ ਰਾਹ ਪੱਧਰਾ ਕਰਦਾ ਹੈ। ਠੇਕਾ ਨੀਤੀ ਤਹਿਤ ਕਿਸਾਨਾਂ ਤੋਂ ਜ਼ਮੀਨ ਖੋਹੀ ਜਾਣੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਕਈ ਕਿਸਾਨ ਅਤੇ ਮਾਵਾਂ-ਭੈਣਾਂ ਸ਼ਹੀਦ ਹੋ ਗਈਆਂ ਹਨ। ਇਸ ਸੰਘਰਸ਼ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਹੇਮ ਰਾਜ ਨਾਗਰੀ ਵੀ ਸ਼ਹੀਦ ਹੋ ਗਈਆਂ ਹਨ ਪਰ ਮੌਕੇ ਦੀ ਸਰਕਾਰ ਆਨਾਕਾਨੀ ਕਰ ਰਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਪ੍ਰਤੀ ਪਰਿਵਾਰ ਦਸ ਲੱਖ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਉਸ ਦੀ ਯੋਗਤਾ ਦੇ ਬਰਾਬਰ ਦੀ ਸਰਕਾਰੀ ਨੌਕਰੀ ਅਤੇ ਸਾਰਾ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਮਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕੈਪਟਨ ਸਰਕਾਰ ਦੀ ਅਰਥੀ ਡੀਸੀ ਦਫ਼ਤਰ ਅੱਗੇ ਸਾੜੀ ਗਈ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜਗਤਾਰ ਸਿੰਘ ਕਾਲਾਝਾੜ, ਕ੍ਰਿਪਾਲ ਸਿੰਘ ਧੂਰੀ, ਬਲਵੀਰ ਸਿੰਘ ਕੌਹਰੀਆਂ, ਮਨਜੀਤ ਸਿੰਘ ਘਰਾਚੋਂ, ਬਹਾਦਰ ਭੁਟਾਲ ਖੁਰਦ, ਬਹਾਲ ਸਿੰਘ ਢੀਂਡਸਾ, ਹਰਬੰਸ ਸਿੰਘ ਲੱਡਾ, ਬਲਦੇਵ ਸਿੰਘ ਉੱਭਿਆ, ਅਜੈਬ ਸਿੰਘ ਜਖੇਪਲ ਆਦਿ ਵੀ ਹਾਜ਼ਰ ਸਨ।