ਸੰਭੂ ਗੋਇਲ, ਲਹਿਰਾਗਾਗਾ : ਜਲੂਰ ਕਾਂਡ ਸਮੇਂ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦਾ ਪਰਿਵਾਰ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਇਸ ਕਾਂਡ ਸਬੰਧੀ ਮੰਗਾਂ ਪੂਰੀਆਂ ਕਰਵਾਉਣ ਲਈ ਐੱਸਡੀਐੱਮ ਦਫ਼ਤਰ ਲਹਿਰਾ ਵਿਖੇ ਭਲਕੇ ਸੋਮਵਾਰ ਤੋਂ ਪੱਕਾ ਧਰਨਾ ਲਾਇਆ ਜਾ ਰਿਹਾ ਹੈ। ਇਸ ਧਰਨੇ ਸਬੰਧੀ ਅੱਜ ਪਿੰਡ ਅੜਕਵਾਸ, ਚੰਗਾਲੀਵਾਲਾ ਵਿਖੇ ਮਜ਼ਦੂਰਾਂ ਨੂੰ ਪਿਰਥੀ ਸਿੰਘ ਲੌਂਗੋਵਾਲ, ਬਲਵੀਰ ਜਲੂਰ ਤੇ ਰਾਜ ਸਿੰਘ ਖੋਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਸਾਲ ਬੀਤ ਜਾਣ ਉਪਰੰਤ ਵੀ ਸ਼ਹੀਦ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ। ਇਸ ਦੇ ਉਲਟ ਦਲਿਤਾਂ ਨੂੰ ਝੂਠੇ ਕੇਸਾਂ ਵਿਚ ਉਲਝਾਇਆ ਜਾ ਰਿਹਾ ਹੈ। ਉਸ ਸਮੇਂ ਜ਼ਖ਼ਮੀਆਂ ਤੇ ਭੰਨ ਤੋੜ ਦਾ ਮੁਆਵਜ਼ਾ ਵੀ ਅਜੇ ਤਕ ਨਹੀਂ ਮਿਲਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀਆਂ ਸ਼ਾਮਲਾਤ ਜ਼ਮੀਨਾਂ ਇੰਡਸਟਰੀਆਂ ਨੂੰ ਦੇਣ ਦਾ ਫ਼ੈਸਲਾ ਦਲਿਤ ਤੇ ਛੋਟੇ ਕਿਸਾਨਾਂ ਵਿਰੁੱਧ ਹੈ। ਜੇ ਇਨ੍ਹਾਂ ਨੂੰ ਜ਼ਮੀਨਾਂ ਦੇਣੀਆਂ ਹਨ ਤਾਂ ਸੀਲਿੰਗ ਤੋਂ ਉੱਪਰ ਦੀਆਂ ਜ਼ਮੀਨਾਂ ਜ਼ਬਤ ਕਰਕੇ ਦਿੱਤੀਆਂ ਜਾਣ। ਇਸ ਮੌਕੇ ਬਲਵਿੰਦਰ ਜਲੂਰ, ਬਲਦੇਵ ਢੰਡੋਲੀ, ਕਾਕਾ ਸਿੰਘ ਉੱਭਿਆ, ਲਾਭ ਸਿੰਘ ਹਰੀਗੜ੍ਹ, ਹਰਕੇਸ ਹਰੀਗੜ੍ਹ ਨੇ ਵੀ ਸੰਬੋਧਨ ਕੀਤਾ।