ਯੋਗੇਸ਼ ਸ਼ਰਮਾ, ਭਦੌੜ

ਕਸਬਾ ਭਦੌੜ ਵਿਖੇ ਪੰਜਾਬ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਤੇ ਕਿਸਾਨਾਂ ਨੇ ਇਕ ਆੜ੍ਹਤੀਏ ਦੀ ਗਿ੍ਫ਼ਤਾਰੀ ਨਾ ਕਰਨ ਦੇ ਰੋਸ ਵਜੋਂ ਥਾਣੇ ਅੱਗੇ ਧਰਨਾ ਦਿੱਤਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਆੜ੍ਹਤੀਏ ਵੱਲੋਂ ਇਕ ਕਿਸਾਨ ਸਿਰ ਕਰਜ਼ੇ ਦਾ ਪਰਨੋਟ ਉਸ ਤਰੀਕ ਨੂੰ ਭਰਿਆ ਹੋਇਆ ਹੈ। ਜਿਸ ਤਰੀਕ ਨੂੰ ਉਕਤ ਕਿਸਾਨ ਜੇਲ੍ਹ 'ਚ ਸੀ। ਜਿਸ ਦਾ ਕਿਸਾਨ ਮਲਕੀਤ ਸਿੰਘ ਸੰਧੂ ਕਲਾਂ ਵਲੋਂ ਕੋਰਟ 'ਚ ਕੇਸ ਕੀਤਾ ਹੋਇਆ ਸੀ ਕੋਰਟ ਦੇ ਗਿ੍ਫਤਾਰੀ ਵਾਰੰਟ ਜਾਰੀ ਕੀਤੇ ਜਾਣ ਦੇ ਬਾਵਜੂਦ ਭਦੌੜ ਪੁਲਿਸ ਆੜ੍ਹਤੀਏ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ। ਇਸ ਮੌਕੇ ਕਿਸਾਨਾਂ ਨੇ ਪੁਲਿਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਇਸ ਸਮੇਂ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਮਾਨਸਾ, ਮਲਕੀਤ ਸਿੰਘ, ਮੋਹਣਾ ਸਿੰਘ ਰੂੜੇਕੇ , ਰਾਮ ਸਿੰਘ ਚੱਕ ਅਲੀਸ਼ੇਰ, ਗੁਰਜੀਤ ਸਿੰਘ ਧਰਮਕੋਟ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਸੰਬੋਧਨ ਕਰਦਿਆ ਇਨਸਾਫ਼ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ 'ਚ ਖਾਸ ਗੱਲ ਇਹ ਰਹੀ ਕਿ ਹੋਰਨਾਂ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਆਗੂ ਨਜ਼ਰ ਨਹੀਂ ਆਇਆ ਤੇ ਨਾ ਹੀ ਕਸਬਾ ਭਦੌੜ ਨਾਲ ਸਬੰਧਤ ਕੋਈ ਕਿਸਾਨ ਆਗੂ ਧਰਨੇ 'ਚ ਨਜ਼ਰ ਆਇਆ ਜ਼ਿਆਦਾਤਰ ਬਾਹਰਲੇ ਕਿਸਾਨਾਂ ਦੀ ਗਿਣਤੀ ਹੀ ਦੇਖਣ ਨੂੰ ਮਿਲੀ। ਇਸ ਸਮੇਂ ਸਰਪੰਚ ਸਿਕੰਦਰ ਸਿੰਘ ,ਜਗਤਾਰ ਦਾਸ ਬਾਵਾ, ਜਗਸੀਰ ਬੱਬੂ ਉੱਗੋਕੇ ,ਬਲਵਿੰਦਰ ਦੁੱਗਲ, ਮਨਜੀਤ ਸਿੰਘ, ਹਰਮਨ ਉੱਗੋਕੇ, ਜਸਵਿੰਦਰ ਉੱਗੋਕੇ, ਲਸ਼ਮਣ ਸੰਧੂ ਆਦਿ ਹਾਜ਼ਰ ਸਨ।

ਕੀ ਕਹਿਣਾ ਹੈ ਥਾਣਾ ਭਦੌੜ ਦੇ ਮੁਖੀ ਦਾ-ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫਸਰ ਹਰਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਮੁਲਜ਼ਮ ਨੂੰ ਫੜਨ ਲਈ ਦੋ ਵਾਰ ਰੇਡ ਕੀਤੀ ਗਈ ਹੈ, ਪਰ ਉਹ ਘਰ ਨਹੀਂ ਮਿਲਿਆ ਤੇ ਜਦੋਂ ਵੀ ਸਾਨੂੰ ਉਸ ਦੇ ਟਿਕਾਣੇ ਦਾ ਪਤਾ ਲੱਗੇਗਾ ਤਾਂ ਉਸ ਨੂੰ ਤੁਰੰਤ ਗਿ੍ਫ਼ਤਾਰ ਕਰ ਲਿਆ ਜਾਵੇਗਾ।

-ਕੀ ਕਹਿਣਾ ਹੈ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਾ-

ਜਦੋਂ ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਬਾਬੂ ਅਜੇ ਕੁਮਾਰ ਭਦੌੜ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆੜ੍ਹਤੀਆ ਐਸੋਸੀਏਸ਼ਨ ਵੀ ਇਕ ਸਨਮਾਨਜਨਕ ਜਥੇਬੰਦੀ ਹੈ। ਇਸ ਲਈ ਉਨ੍ਹਾਂ ਨੂੰ ਗੱਲਬਾਤ ਲਈ ਟੇਬਲ ਤੇ ਆਉਣਾ ਚਾਹੀਦਾ ਹੈ ਤਾਂ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਘਟਨਾਕਰਮ ਕਿਸਾਨਾਂ ਤੇ ਆੜ੍ਹਤੀਆਂ ਦੋਵਾਂ ਲਈ ਹੀ ਘਾਟੇ ਦਾ ਸੌਦਾ ਹਨ

-ਕੀ ਕਹਿਣਾ ਹੈ ਸੁਦਾਗਰ ਸਿੰਘ ਆੜ੍ਹਤੀਆ ਦਾ-

-ਜਦੋਂ ਇਸ ਸਬੰਧੀ ਉਕਤ ਘਟਨਾ ਕਰਮ ਦੇ ਮੁੱਖ ਸੂਤਰਧਾਰ ਮਾਸਟਰ ਸੁਦਾਗਰ ਸਿੰਘ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਮੇਰੇ ਖਿਲਾਫ਼ ਲਗਾਏ ਜਾ ਰਹੇ ਦੋਸ਼ ਤੇ ਕੀਤਾ ਜਾ ਰਿਹਾ ਕੂੜ ਪ੍ਰਚਾਰ ਸਰਾਸਰ ਝੂਠਾ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਕੋਰਟ ਦੇ ਵਿਚਾਰ ਅਧੀਨ ਹੈ ਕੋਰਟ ਜੋ ਵੀ ਫ਼ੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਕੋਰਟ ਦੇ ਹੁਕਮਾਂ ਦੇ ਪਾਬੰਦ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਯੂਨੀਅਨ ਆੜ੍ਹਤੀਆ ਐਸੋਸੀਏਸ਼ਨ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਉਹ ਉਸ ਗੱਲਬਾਤ 'ਚ ਵੀ ਪੂਰਨ ਸਹਿਯੋਗ ਦੇਣ ਲਈ ਵੀ ਤਿਆਰ ਹਨ।