ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਬਰਨਾਲਾ ਦੌਰੇ 'ਤੇ ਆਏ ਜਿਸ ਦੌਰਾਨ ਉਨ੍ਹਾਂ ਪਿੰਡ ਬੀਹਲਾ ਵਿਖੇ ਇਕ ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦਾ ਸਿਵਲ ਹਸਪਤਾਲ ਜਾ ਕੇ ਹਾਲ ਚਾਲ ਜਾਣਿਆ ਤੇ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂਚ ਦੀ ਵਿਸਥਾਰਤ ਰਿਪੋਰਟ 10 ਦਿਨਾਂ ਦੇ ਅੰਦਰ-ਅੰਦਰ ਪੇਸ਼ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮਾਮਲੇ 'ਚ ਇਨਸਾਫ਼ ਦਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਲੜਾਈ ਝਗੜੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਬਣਦੀ ਕਾਰਵਾਈ ਜਾਣੀ ਯਕੀਨੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਬੀਹਲਾ ਦੇ ਰਹਿਣ ਵਾਲੇ ਜਗਦੇਵ ਸਿੰਘ ਪੁੱਤਰ ਬੇਦੂ ਸਿੰਘ ਦੀ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਮਜ਼ਦੂਰੀ ਦੇ ਪੈਸਿਆਂ ਪਿੱਛੇ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ ਜਿਸ 'ਚ ਪੂਨਮ ਕਾਂਗੜਾ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਪੁਲਿਸ ਵਿਭਾਗ ਵੱਲੋਂ ਐੱਸਸੀ ਐੱਸਟੀ ਐਕਟ ਦੀਆਂ ਧਾਰਾਵਾਂ ਦਾ ਵੀ ਮਾਮਲੇ 'ਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਵਿਭਾਗ ਨੂੰ ਜਾਂਚ 'ਚ ਤੇਜ਼ੀ ਲਿਆਉਣ ਦੇ ਨਾਲ-ਨਾਲ ਪਰਚੇ 'ਚ ਨਾਮਜ਼ਦ ਲੋਕਾਂ ਨੂੰ ਜਲਦ ਗਿ੍ਫ਼ਤਾਰ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਹਮੇਸ਼ਾ ਹੀ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਨਾਲ ਜਾਤ 'ਤੇ ਆਧਾਰ 'ਤੇ ਧੱਕਾ ਨਾ ਹੋਵੇ ਤੇ ਉਸਨੂੰ ਆਮ ਲੋਕਾਂ ਵਾਂਗ ਹੀ ਇਨਸਾਫ਼ ਦੁਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਵੀ ਪੀੜਤ ਐੱਸਸੀ ਹੋਣ ਕਾਰਨ ਉਸ ਨਾਲ ਕੁੱਟਮਾਰ ਕੀਤੇ ਜਾਣ ਦਾ ਖ਼ਦਸ਼ਾ ਹੈ ਜੋ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਸਮਾਜ ਦੇ ਦਬੇ-ਕੁਚਲੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਗਿਆ ਹੈ ਤੇ ਇਸੇ ਤਰ੍ਹਾਂ ਹੁਣ ਵੀ ਉਨ੍ਹਾਂ ਵੱਲੋਂ ਇਹ ਕੰਮ ਬਾਖੂਬੀ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਬਰਨਾਲਾ ਸੰਦੀਪ ਕੁਮਾਰ, ਏਐੱਸਪੀ ਮਹਿਲ ਕਲਾਂ ਪ੍ਰੱਗਿਆ ਜੈਨ, ਡੀਐੱਸਪੀ ਰਾਜੇਸ਼ ਿਛੱਬੜ, ਤਹਿਸੀਲਦਾਰ ਗੁਰਮੁੱਖ ਸਿੰਘ, ਦਰਸ਼ਨ ਕਾਂਗੜਾ, ਸਤੀਸ਼ ਕੁਮਾਰ, ਗੁਰਨਾਮ ਸਿੰਘ, ਵਿੱਕੀ, ਪ੍ਰਰੀਤਮ ਸਿੰਘ ਤਪਾ, ਮੋਹਿਤ ਕੁਮਾਰ ਮੇਸ਼ੀ, ਗੁਰਦੀਪ ਸਿੰਘ ਦੀਵਾਨਾ, ਬਲਦੇਵ ਸਿੰਘ ਭੁੱਚਰ ਅਤੇ ਵਿਨੋਦ ਕੁਮਾਰ ਚੋਬਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।