ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ ਸੰਗਰੂਰ ਕੋਲ ਜ਼ਿਲ੍ਹੇ ਦੇ ਕਸਬਾ ਸੂਲਰ ਘਰਾਟ ਵਿਖੇ ਆਤਿਸ਼ਬਾਜ਼ੀ ਵੇਚਣ ਵਾਲੀ ਫ਼ਰਮ ਦਾ ਕੋਈ ਰਿਕਾਰਡ ਨਹੀਂ ਹੈ। ਜਿਸ ਵਿਚ ਫ਼ਰਮ ਵੱਲੋਂ ਆਬਾਦੀ ਤੇ ਆਬਾਦੀ ਤੋਂ ਬਾਹਰ ਬਣਾਏ ਗਏ ਗੁਦਾਮ ਤੇ ਲੋਕਾਂ ਦੀ ਸੁਰੱਖਿਆ ਲਈ ਅੱਗ ਤੋਂ ਬਚਾਅ ਦੇ ਰੱਖੇ ਗਏ ਸਾਧਨ ਆਦਿ ਸ਼ਾਮਲ ਹਨ। ਖੇਤਰੀ ਦਫ਼ਤਰ ਵੱਲੋਂ ਅਜਿਹਾ ਖੁਲਾਸਾ ਸੂਚਨਾ ਅਧਿਕਾਰ ਐਕਟ ਵਿਚ ਮੰਗੀ ਗਈ ਜਾਣਕਾਰੀ ਰਾਹੀਂ ਕੀਤਾ ਗਿਆ। ਆਰਟੀਆਈ ਮਾਹਿਰ ਅਤੇ ਸਮਾਜ ਸੇਵੀ ਬਿ੍ਸ਼ ਭਾਨ ਬੁਜਰਕ ਨੇ ਦੱਸਿਆ ਕਿ ਪੰਜਾਬ ਅੰਦਰ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਬਿਨ੍ਹਾਂ ਕਿਸੇ ਸੁਰੱਖਿਆ ਤੋਂ ਕਈ ਆਤਿਸ਼ਬਾਜ਼ੀ ਵੇਚਣ ਵਾਲੇ ਵਪਾਰੀਆਂ ਵੱਲੋਂ ਕਥਿਤ ਰੂਪ ਵਿਚ ਆਤਿਸ਼ਬਾਜ਼ੀ ਭੰਡਾਰਣ ਕਰਨ ਲਈ ਗੁਦਾਮ ਬਣਾਏ ਹੋਏ ਹਨ। ਇਸ ਨੂੰ ਲੈ ਕੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਜਿਨ੍ਹਾਂ ਵਿਚ ਕਈ ਮਨੱੁਖੀ ਜਾਨਾਂ ਚਲੀਆਂ ਗਈਆਂ ਹਨ ਪਰ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈ ਰਿਹਾ। ਇਸੇ ਲੜ੍ਹੀ ਦੇ ਤਹਿਤ 27 ਸਤੰਬਰ 2019 ਨੂੰ ਇੱਕ ਪੱਤਰ ਪਾ ਕੇ ਸੂਚਨਾ ਅਧਿਕਾਰ ਐਕਟ 2005 ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ ਸੰਗਰੂਰ ਕੋਲੋਂ ਸੂਲਰ ਘਰਾਟ ਵਿਖੇ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਵੇਚਣ ਵਾਲੀ ਫ਼ਰਮ ਵੱਲੋਂ ਆਬਾਦੀ ਤੇ ਆਬਾਦੀ ਤੋਂ ਬਾਹਰ ਬਣਾਏ ਗਏ ਗੁਦਾਮ ਅਤੇ ਬਚਾਅ ਦੇ ਸਾਧਨਾਂ ਸਬੰਧੀ ਪੁੱਿਛਆ ਗਿਆ ਸੀ।

ਪ੍ਰਦੂਸ਼ਣ ਬੋਰਡ ਵੱਲੋਂ ਕਥਿਤ ਰੂਪ ਵਿਚ ਆਪਣੀ ਮਿਲੀਭੁਗਤ ਦਾ ਸਬੂਤ ਦਿੰਦਿਆਂ ਦੀਵਾਲੀ ਲੰਘਣ ਤੋਂ ਬਾਅਦ ਦਫ਼ਤਰ ਕੋਲ ਆਤਿਸ਼ਬਾਜ਼ੀ ਦੇ ਭੰਡਾਰ ਤੇ ਸੁਰੱਖਿਆ ਸਬੰਧੀ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਨਾ ਹੋਣ ਦਾ ਦਾਅਵਾ ਕੀਤਾ। ਬਿ੍ਸ਼ਭਾਨ ਬੁਜਰਕ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਬੋਰਡ ਦੇ ਖੇਤਰੀ ਦਫ਼ਤਰ ਵਿਚ ਇਸ ਫ਼ਰਮ ਦਾ ਸਾਰਾ ਰਿਕਾਰਡ ਹੋਣਾ ਚਾਹੀਦਾ। ਜੇਕਰ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਨਹੀਂ ਸੀ ਤਾਂ ਤਰੁੰਤ ਹੀ ਜਵਾਬ ਦੇਣਾ ਬਣਦਾ ਸੀ ਪਰ ਅਫ਼ਸਰਸ਼ਾਹੀ ਦੀ ਕਥਿਤ ਮਿਲੀਭੁਗਤ ਨਾਲ ਅਜਿਹੇ ਕਾਰੋਬਾਰ ਵੱਡੀ ਪੱਧਰ 'ਤੇ ਚੱਲ ਰਹੇ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖ਼ਿਲਵਾੜ ਕੀਤਾ ਜਾ ਰਿਹਾ। ਪ੍ਰਦੂਸ਼ਣ ਬੋਰਡ ਦੇ ਇਸ ਦਫ਼ਤਰ ਕੋਲ ਅਜਿਹਾ ਰਿਕਾਰਡ ਨਾ ਹੋਣ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।