ਲੁਭਾਸ਼ ਸਿੰਗਲਾ, ਤਪਾ ਮੰਡੀ : ਸਥਾਨਕ ਸ਼ਹਿਰ ਅੰਦਰ ਸਿਟੀ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਚਲ ਪਿਆ ਹੈ ਕਿਉਂਕਿ ਮੌਜੂਦਾ ਸਿਟੀ ਪ੍ਰਧਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਨੌਜਵਾਨਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਤੋਂ ਬਾਅਦ ਕੁਝ ਅਗਾਂਹਵਧੂ ਸੋਚ ਵਾਲੇ ਨੌਜਵਾਨ ਸਿਟੀ ਪ੍ਰਧਾਨ ਦੀ ਕੁਰਸੀ ਹਥਿਆਉਣ ਲਈ ਅੱਗੇ ਆ ਗਏ ਹਨ। ਜਿਨ੍ਹਾਂ ਦੀ ਹਮਾਇਤ 'ਤੇ ਸ਼ਹਿਰ ਦੇ ਕਾਂਗਰਸੀ ਮੁੱਢਾਂ ਨੇ ਅੰਦਰ ਖਾਤੇ ਪੂਰੀ ਹਮਾਇਤ ਦੇ ਦਿੱਤੀ ਹੈ। ਜਿਸ ਕਾਰਨ ਉਕਤ ਸਿਆਸੀ ਪਟਾਕੇ ਦੇ ਜਲਦ ਹੀ ਪੈਣ ਦੇ ਆਸਾਰ ਬਣ ਗਏ ਹਨ। ਨੌਜਵਾਨ ਕਾਂਗਰਸ ਆਗੂ ਡਿੰਪੀ ਸ਼ਰਮਾ ਨੇ ਦੱਸਿਆ ਕਿ ਸਿਟੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਦੀ ਕਾਰਗੁਜ਼ਾਰੀ ਸਿਆਸੀ ਪੱਖ ਤੋਂ ਐਨੀ ਹਲਕੀ ਰਹੀ ਕਿ ਪਹਿਲੀ ਵਾਰ ਸ਼ਹਿਰ ਅੰਦਰ ਅਕਾਲੀ ਦਲ ਸੰਸਦੀ ਚੋਣਾਂ 'ਚ ਸਾਡੇ ਬਰਾਬਰ ਆ ਖੜਿ੍ਹਆ ਜਦਕਿ ਸੂਬੇ ਅੰਦਰ ਕੈਪਟਨ ਸਰਕਾਰ ਦੀ ਬੋਲਦੀ ਤੂਤੀ ਨੇ ਅਕਾਲੀਆਂ ਦੇ ਪੂਰੇ ਪੰਜਾਬ ਅੰਦਰ ਪੈਰ ਉਖਾੜ ਕੇ ਰੱਖ ਦਿੱਤੇ, ਪਰ ਪਿਛਲੇ ਇਕ ਸਾਲ ਤੋਂ ਕਾਂਗਰਸ ਨੇ ਅਪਣੇ ਪੱਕੀ ਵੋਟ ਬੈਂਕ ਬਸਤੀਆਂ ਤੇ ਦੁਕਾਨਦਾਰਾਂ ਨਾਲ ਕੋਈ ਰਾਬਤਾ ਨਹੀਂ ਰੱਖਿਆ। ਜਿਸ ਕਾਰਨ ਉਕਤ ਲੋਕ ਕਾਂਗਰਸ ਦੇ ਪੱਖ 'ਚ ਨਾ ਭੁਗਤੇ। ਜਦਕਿ ਕਾਂਗਰਸ ਦੇ ਪਿਛਲੇ ਸਿਟੀ ਪ੍ਰਧਾਨ ਧਰਮਪਾਲ ਸ਼ਰਮਾਂ ਦੀ ਅਗਵਾਈ 'ਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ 2009 'ਚ ਵੱਡੀ ਲੀਡ 'ਤੇ ਵੋਟਾਂ ਲਈਆਂ ਤੇ ਫੇਰ 2012 'ਚ ਵਿਧਾਇਕ ਮੁੰਹਮਦ ਸਦੀਕ ਹਲਕੇ ਭਦੌੜ 'ਚ ਸਭ ਤੋ ਵਧੇਰੇ ਵੋਟ ਤਪਾ ਸ਼ਹਿਰ 'ਚੋਂ ਲੈ ਕੇ ਗਏ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ, ਜ਼ਿਲ੍ਹਾ ਪ੍ਰਧਾਨ ਰੂਪੀ ਕੌਰ ਸਣੇ ਸਮੁੱਚੀ ਪਾਰਟੀ ਹਾਈਕਮਾਂਡ ਦੇ ਧਿਆਨ ਹਿੱਤ ਸਮੁੱਚੀ ਕਾਰਵਾਈ ਲਿਆ ਕੇ ਜਲਦ ਹੀ ਉਕਤ ਸਿਟੀ ਪ੍ਰਧਾਨ ਨੂੰ ਬਦਲਣ ਦੀ ਮੰਗ ਕੀਤੀ ਜਾਵੇਗੀ। ਉਧਰ ਸਿਟੀ ਕਾਂਗਰਸ ਦੇ ਸਾਬਕਾ ਪ੍ਰਧਾਨ ਧਰਮਪਾਲ ਸ਼ਰਮਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਕ ਵਫ਼ਦ ਜ਼ਿਮਨੀ ਚੋਣਾਂ ਤੋਂ ਬਾਅਦ ਕਾਂਗਰਸ ਆਗੂਆਂ ਨੂੰ ਮਿਲ ਕੇ ਸ਼ਹਿਰ ਦੀ ਸਮੁੱਚੀ ਸਥਿਤੀ ਤੋਂ ਜਾਣੂ ਕਰਵਾਏਗਾ ਤਾਂ ਜੋ ਕਾਂਗਰਸ ਦੇ ਮਿਸ਼ਨ 2022 'ਚ ਜੇਤੂ ਭੂਮਿਕਾ ਨਿਭਾਈ ਜਾ ਸਕੇ ਪਰ ਹੁਣ ਵੇਖਦੇ ਹਾਂ ਕਿ ਪਾਰਟੀ ਹਾਈਕਮਾਂਡ ਇਸ ਮਾਮਲੇ 'ਚ ਕੀ ਐਕਸ਼ਨ ਲੈਂਦੀ ਹੈ।