ਸੰਦੀਪ ਸਿੰਗਲਾ, ਧੂਰੀ : ਸ਼ਹਿਰ ਅੰਦਰ ਟ੍ਰੈਫਿਕ ਪ੍ਰਬੰਧਾਂ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਮਕਸਦ ਨਾਲ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਵੱਲੋਂ ਸ਼ਹਿਰ ਦੇ ਭੀੜ-ਭੜਕੇ ਵਾਲੇ ਬਾਜ਼ਾਰਾਂ 'ਚ ਖੜ੍ਹੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਕੁੜੀਆਂ ਦੇ ਸਕੂਲ ਦੀ ਛੁੱਟੀ ਸਮੇਂ ਨਾਕਾਬੰਦੀ ਕਰ ਕੇ ਬਿਨਾਂ ਵਜ੍ਹਾ ਘੁੰਮਣ ਵਾਲੇ ਨੌਜਵਾਨਾਂ ਨੂੰ ਸਬਕ ਵੀ ਸਿਖਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਬਾਜ਼ਾਰਾਂ ਅੰਦਰ ਵਾਹਨਾਂ ਦੀ ਪਾਰਕਿੰਗ 'ਤੇ ਮਨਾਹੀ ਹੈ ਤੇ ਵਾਹਨ ਪਾਰਕ ਕਰਨ ਲਈ ਪੁਲਿਸ ਵੱਲੋਂ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਬਾਜ਼ਾਰਾਂ ਅੰਦਰ ਖ਼ਰੀਦਦਾਰੀ ਕਰਨ ਆਏ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਬਾਜ਼ਾਰਾਂ ਅੰਦਰ ਵਾਹਨ ਖੜ੍ਹੇ ਕਰਨ ਦੀ ਬਜਾਏ ਸਥਾਨਕ ਸੰਗਰੂਰ ਵਾਲੀ ਕੋਠੀ 'ਚ ਆਪਣੇ ਵਾਹਨ ਪਾਰਕ ਕਰਨ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਪਾਰਕਿੰਗ 'ਚ ਲਾਉਣ ਦੇ ਨਾਲ-ਨਾਲ ਗਾਹਕਾਂ ਨੂੰ ਵੀ ਵਾਹਨ ਪਾਰਕਿੰਗ 'ਚ ਲਾਉਣ ਲਈ ਪ੍ਰਰੇਰਿਤ ਕਰਨ ਤਾਂ ਜੋ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੁੜੀਆਂ ਦੇ ਸਕੂਲਾਂ ਤੇ ਕਾਲਜਾਂ ਅੱਗੇ ਨਾਕਾਬੰਦੀ ਦੀ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਮੌਕੇ ਹੈੱਡ ਕਾਂਸਟੇਬਲ ਮਿੱਠੂ ਸਿੰਘ ਵੀ ਹਾਜ਼ਰ ਸਨ।