ਯੋਗੇਸ਼ ਸ਼ਰਮਾ, ਭਦੌੜ : ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਬਦਲ ਰਹੀ ਹੈ। ਇਸ ਲਈ ਸਭ ਪਿੰਡਾਂ ਦੀਆਂ ਸਾਂਝੀਆਂ ਸੰਸਥਾਵਾਂ ਤੇ ਪੰਚਾਇਤਾਂ ਨੂੰ ਇਸ ਪਾਸੇ ਵੱਲ ਖਾਸ ਧਿਆਨ ਦੇ ਕੇ ਵੱਧ ਤੋਂ ਵੱਧ ਦਰੱਖ਼ਤ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਰੁੱਖ ਜਿੱਥੇ ਆਕਸੀਜ਼ਨ ਦਾ ਵੱਡਾ ਸਨਮਾਨ ਤੇ ਸਾਨੂੰ ਸਾਹ ਲੈਣ ਲਈ ਸਾਫ਼ ਵਾਤਾਵਰਨ ਪ੍ਰਦਾਨ ਕਰਦੇ ਹਨ ਉਥੇ ਅਸੀਂ ਇਨ੍ਹਾਂ ਦੀ ਛਾਂ ਵੀ ਮਾਣਦੇ ਹਾਂ। ਇਸ ਲਈ ਸਾਨੂੰ ਸਭ ਨੂੰ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣ ਤਰਜੀਹ ਦੇਣੀ ਚਾਹੀਦੀ ਹੈ।

ਕੋਆਪ੍ਰਰੇਟਿਵ ਸੁਸਾਇਟੀ ਅਲਕੜਾ ਦੇ ਪ੍ਰਧਾਨ ਲਾਲੀ ਅਲਕੜਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵਧ ਤੋ ਦਰੱਖਤ ਲਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਬਦਲ ਨਹੀਂ ਹੈ। ਇਸ ਲਈ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਦਰੱਖਤਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਤਾਂ ਕਿ ਦਰੱਖਤ ਲਗਾਉਣ ਲਈ ਮੁਹਿੰਮ ਜ਼ੋਰ ਫੜ੍ਹ ਸਕੇ।

ਪਿੰਡ ਅਲਕੜਾ ਦੇ ਨੌਜਵਾਨ ਆਗੂ ਪਿੰਦਰ ਸਿੰਘ ਕੂਕਾ ਦਾ ਕਹਿਣਾ ਹੈ ਕਿ ਦਰੱਖਤ ਲਗਾਉਣੇ ਬਹੁਤ ਹੀ ਪਰਉਪਕਾਰ ਦਾ ਕਾਰਜ ਹੈ, ਕਿਉਂਕਿ ਦਰੱਖਤ ਜਿੱਥੇ ਸਾਨੂੰ ਛਾਂ ਤੇ ਆਕਸੀਜ਼ਨ ਵੰਡਦੇ ਹਨ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਵੀ ਦਰੱਖਤਾਂ ਦਾ ਸੁਖ ਮਾਨਣਗੀਆਂ। ਇਸ ਲਈ ਸਾਨੂੰ ਪਿੰਡ ਪੱਧਰ 'ਤੇ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਨੂੰ ਦਰੱਖਤ ਲਗਾਉਣ ਲਈ ਸਰਗਰਮ ਹੋ ਕੇ ਵੱਡੀ ਮੁਹਿੰਮ ਵਿੱਢਣ ਦੀ ਲੋੜ ਹੈ ਤਾਂ ਕਿ ਅਸੀਂ ਚੰਗਾ ਵਾਤਾਵਰਨ ਸਿਰਜਣ 'ਚ ਹਿੱਸਾ ਪਾ ਸਕੀਏ।

ਪਿੰਡ ਦੀਪਗੜ੍ਹ ਦੇ ਸਰਪੰਚ ਤਕਵਿੰਦਰ ਸਿੰਘ ਿਢੱਲੋਂ ਦਾ ਕਹਿਣਾ ਹੈ ਕਿ ਮੇਰੀ ਪੰਚਾਇਤ ਵੱਲੋਂ ਹੁਣ ਮਾਨਸੂਨ ਮੌਕੇ ਹਜ਼ਾਰਾਂ ਬੂਟੇ ਪਿੰਡ ਦੀਆਂ ਸਾਂਝੀਆਂ ਥਾਵਾਂ, ਫਿਰਨੀ ਤੇ ਗਲੀਆਂ 'ਚ ਢੁੱਕਵੀਆਂ ਥਾਵਾਂ 'ਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਬੂਟਿਆਂ ਦੀ ਸਾਂਭ ਸੰਭਾਲ ਲਈ ਬਕਾਇਦਾ ਮੈਂਬਰਾਂ ਦੀ ਡਿਊਟੀ ਵੀ ਲਗਾਈ ਗਈ ਹੈ ਤਾਂ ਜੋ ਲਗਾਏ ਗਏ ਸਾਰੇ ਬੂਟੇ ਚੱਲ ਸਕਣ।

ਪਿੰਡ ਰਾਮਗੜ੍ਹ ਦੇ ਨੌਜਵਾਨ ਰਾਜਵਿੰਦਰ ਰਾਜਾ ਸਰਪੰਚ ਨੇ ਕਿਹਾ ਕਿ ਦਰੱਖਤ ਲਗਾਉਣ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੈ, ਕਿਉਂਕਿ ਦਰੱਖਤ ਜਿੱਥੇ ਸਾਨੂੰ ਸੁੱਖ ਦਿੰਦੇ ਹਨ, ਉੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸ਼ੁੱਧ ਵਾਤਾਵਰਨ ਦੇਣਗੇ। ਉਨ੍ਹਾਂ ਦੱਸਿਆ ਕਿ ਮੇਰੀ ਪੰਚਾਇਤ ਵਲੋਂ ਵੀ ਆਉਣ ਵਾਲੇ ਦਿਨਾਂ 'ਚ ਵੱਡੀ ਪੱਧਰ 'ਤੇ ਦਰੱਖਤ ਲਗਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।