ਸ਼ੰਭੂ ਗੋਇਲ, ਲਹਿਰਾਗਾਗਾ : ਸਥਾਨਕ ਸ਼ਹਿਰ ਦਾ ਡਾਕਟਰੇਟ ਤੇ ਪੀਐੱਚਡੀ ਕਰ ਰਿਹਾ ਨੌਜਵਾਨ ਚੇਤਨ ਕੁਮਾਰ ਨੌਕਰੀ ਨਾ ਮਿਲਣ ਕਾਰਨ ਜੂਸ ਦੀ ਰੇਹੜੀ ਲਾਉਣ ਲਈ ਮਜਬੂਰ ਹੈ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਹੈਰਾਨੀ ਹੋਈ ਕਿ ਉਸ ਨੇ ਟਰੈਕਟਰ ਦੇ ਕਲਟੀਵੇਟਰ ਨੂੰ ਪੇਂਟਿੰਗ ਤੇ ਸ਼ੀਸ਼ੇ ਲਾ ਕੇ ਕਾਊਂਟਰ ਬਣਾਇਆ ਹੋਇਆ ਹੈ।

ਪੀਐੱਚਡੀ ਕਰ ਰਿਹਾ ਨੌਜਵਾਨ ਚੇਤਨ ਕੁਮਾਰ ਸਥਾਨਕ ਸਟੇਡੀਅਮ ਰੋਡ 'ਤੇ ਛੋਟੀ ਜਿਹੀ ਜੂਸ ਦੀ ਰੇਹੜੀ ਰਾਹੀਂ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਚੇਤਨ ਕੁਮਾਰ ਨੇ ਆਪਣੀ ਦਾਸਤਾਨ ਦੱਸਦਿਆਂ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ ਕਰ ਰਿਹਾ ਹੈ ਪ੍ਰੰਤੂ ਲਾਕਡਾਊਨ ਕਾਰਨ ਜਿੱਥੇ ਪੰਜਾਬੀ ਯੂਨੀਵਰਸਿਟੀ ਸਮੇਤ ਸਾਰੇ ਵਿੱਦਿਅਕ ਅਦਾਰੇ ਸਰਕਾਰ ਨੇ ਬੰਦ ਕਰ ਦਿੱਤੇ ਉਥੇ ਹੀ ਕੰਮਕਾਰ ਨਾ ਹੋਣ ਕਾਰਨ ਚੁੱਲ੍ਹੇ ਵੀ ਬਲ਼ਣੋਂ ਬੰਦ ਹੋਣ ਲੱਗੇ। ਫਿਰ ਮੈਂ ਸਰਕਾਰ ਤੋਂ ਝਾਕ ਛੱਡ ਕੇ ਇਹ ਰਸਤਾ ਚੁਣ ਲਿਆ। ਘਰੋਂ ਕੁਝ ਵੇਚ ਵੱਟ ਕੇ, ਕੁਝ ਦੋਸਤਾਂ ਤੋਂ ਉਧਾਰ ਲੈ ਕੇ ਜੂਸ ਦੀ ਰੇਹੜੀ ਲਾ ਲਈ, ਕਿਉਂਕਿ ਪੇਟ ਤਾਂ ਖਾਣ ਨੂੰ ਮੰਗਦਾ ਹੈ।

ਇਸ ਨੌਜਵਾਨ 'ਚ ਇਹ ਵਿਲੱਖਣਤਾ ਦੇਖਣ ਨੂੰ ਮਿਲੀ ਕਿ ਟੇਬਲ 'ਤੇ ਗਾਹਕਾਂ ਦੇ ਪੜ੍ਹਨ ਲਈ ਕਿਤਾਬਾਂ ਰੱਖੀਆਂ ਹੋਈਆਂ ਹਨ ਤਾਂ ਜੋ ਮੋਬਾਈਲ 'ਚ ਗ੍ਸਤ ਹੋ ਰਹੀ ਨਵੀਂ ਪੀੜ੍ਹੀ ਨੂੰ ਵਧੀਆ ਸੇਧ ਵਾਲੀਆਂ ਕਿਤਾਬਾਂ ਪੜ੍ਹਨ ਦੀ ਚਿਣਗ ਲੱਗ ਸਕੇ। ਚੇਤਨ ਕੁਮਾਰ ਦੇ ਦੋਸਤਾਂ 'ਚੋਂ ਅਮਰਜੀਤ ਸਿੰਘ, ਅਵਤਾਰ ਸਿੰਘ ਤਾਰੀ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਸੂਬੇ 'ਚ ਬੇਰੁਜ਼ਗਾਰੀ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਜਿਸ ਕਾਰਨ ਬੀਐੱਡ ਤੋਂ ਇਲਾਵਾ ਹੋਰ ਉੱਚ ਕੋਰਸ ਕਰ ਰਹੀਆਂ ਕੁੜੀਆਂ ਤੇ ਮੁੰਡੇ ਜੀਰੀ ਲਾ ਕੇ ਜਾਂ ਦਿਹਾੜੀ ਕਰ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ। ਸਾਡੇ ਸਾਹਮਣੇ ਵਾਲੀ ਦੁਕਾਨ 'ਤੇ ਟੈੱਟ ਪਾਸ ਮੁੰਡਾ ਪੈਂਚਰ ਲਾ ਕੇ ਪਰਿਵਾਰ ਪਾਲ ਰਿਹਾ ਹੈ।

ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ। ਇਸ ਸਮੇਂ ਚੇਤਨ ਕੁਮਾਰ ਅਤੇ ਇਸ ਦੇ ਦੋਸਤਾਂ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨਸ਼ਾ ਖਾ ਗਿਆ ਜਾਂ ਬੇਰੁਜ਼ਗਾਰੀ ਖਾ ਗਈ ਅਤੇ ਬਾਕੀ ਰਹਿੰਦੇ ਨੌਜਵਾਨ ਵਿਦੇਸ਼ ਚਲੇ ਗਏ। ਕਿਉਂਕਿ ਇੱਥੇ ਨੌਕਰੀ ਮੰਗਣ ਵਾਲਿਆਂ ਨੂੰ ਡਾਂਗਾਂ ਮਿਲਦੀਆਂ ਹਨ। ਚੋਣਾਂ ਵੇਲੇ ਘਰ-ਘਰ ਨੌਕਰੀ ਦੇ ਵਾਅਦੇ ਤਾਂ ਇਕ ਵੋਟਾਂ ਲੈਣ ਲਈ ਛਲਾਵਾ ਹੈ। ਇਸ ਮੌਕੇ ਦੋਸਤਾਂ ਅਤੇ ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਨੌਜਵਾਨ ਨੂੰ ਸਰਕਾਰ ਨੌਕਰੀ ਦੇਵੇ ਤਾਂ ਜੋ ਆਪਣੇ ਪਰਿਵਾਰ ਦਾ ਪੇਟ ਆਸਾਨੀ ਨਾਲ ਭਰ ਸਕੇ।