ਕਰਮਜੀਤ ਸਿੰਘ ਸਾਗਰ, ਧਨੌਲਾ : ਕੋਰੋਨਾ ਦੀ ਮਹਾਮਾਰੀ ਕਾਰਨ ਦੁਨੀਆਂ ਭਰ 'ਚ ਲੱਗੇ ਲਾਕਡਾਊਨ ਕਾਰਨ ਬਦਲਵੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਭਾਰੀ ਘਾਟਾ ਸਹਿਣਾ ਕਰਨਾ ਪੈ ਰਿਹਾ । ਕਿਸਾਨਾਂ ਨਾਲ ਮਜ਼ਦੂਰਾਂ ਤੇ ਗ਼ਰੀਬ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੀ ਧਨੌਲਾ ਦੇ ਕਿਸਾਨ ਜਗਤਾਰ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤ 'ਚ ਮਿਰਚਾਂ ਦੀ ਫ਼ਸਲ ਬੀਜੀ ਸੀ, ਪਰ ਕੋਰੋਨਾ ਦੀ ਮਹਾਮਾਰੀ ਕਾਰਨ ਮੰਡੀਆਂ 'ਚ ਮਿਰਚਾਂ ਦਾ ਰੇਟ ਪੂਰਾ ਨਾ ਮਿਲਣ ਕਰਕੇ ਉਨ੍ਹਾਂ ਮਿਰਚਾਂ ਦੀ ਪਹਿਲੀ ਤੇ ਆਖਰੀ ਤੜਾਈ ਹੁਣ ਕੀਤੀ ਹੈ, ਪਰ ਵਿਆਹ, ਸਮਾਗਮ ਬੰਦ ਹੋਣ ਕਰ ਕੇ ਹਰੀਆਂ ਤੇ ਲਾਲ ਮਿਰਚਾਂ ਵਿਕ ਨਹੀ ਰਹੀਆਂ।

ਮੰਡੀਆਂ 'ਚ ਥੋਕ ਭਾਅ ਹਰੀ ਮਿਰਚ ਕਰੀਬ 6 ਤੋਂ 8 ਰੁਪਏ ਤੇ ਲਾਲ ਮਿਰਚ 15 ਤੋਂ 16 ਰੁਪਏ ਹੈ ਤੇ ਰਿਟੇਲ 'ਚ ਆਮ ਰੇਹੜੀਆਂ ਵਾਲੇ 15-20 ਹਰੀ ਮਿਰਚ ਤੇ 20-25 ਰੁਪਏ ਦੇ ਕਰੀਬ ਲਾਲ ਮਿਰਚ ਵੇਚ ਰਹੇ ਹਨ। ਜਿਸ ਕਾਰਨ ਸਾਨੂੰ ਲੇਬਰ ਦੀ ਚਾਰ- ਪੰਜ ਰੁਪਏ ਕਿਲੋ ਦੀ ਤੁੜਾਈ ਵੀ ਪੈਂਦੀ ਹੈ ਤੇ ਮੰਡੀ ਲਿਜਾਣ ਦਾ ਖ਼ਰਚਾ ਵੱਖਰਾ ਪੈ ਜਾਂਦਾ ਹੈ। ਕਿਸਾਨ ਕਲੇਰ ਨੇ ਦੱਸਿਆ ਕਿ ਪਹਿਲਾਂ ਮਿਰਚਾਂ ਦੀ ਫ਼ਸਲ ਦੀ ਘੱਟੋ-ਘੱਟ ਚਾਰ ਤੋਂ ਪੰਜ ਵਾਰ ਤੜਾਈ ਕੀਤੀ ਜਾਂਦੀ ਸੀ, ਪਰ ਇਸ ਵਾਰ ਪਹਿਲੀ ਤੇ ਆਖਰੀ ਤੜਾਈ ਹੀ ਕੀਤੀ ਹੈ। ਦੂਸਰੇ ਪਾਸੇ ਮਿਰਚਾਂ ਤੋੜਨ ਵਾਲੇ ਸਤਪਾਲ ਸਿੰਘ, ਕਰਮਜੀਤ ਕੌਰ, ਮਨਜੀਤ ਕੋਰ, ਮੁਖਤਿਆਰ ਕੌਰ, ਗੁਨਜਾਰੋ, ਨਸੀਬ ਕੌਰ, ਗੁਰਦੀਪ ਕੌਰ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਜਦੋਂ ਕਿਸਾਨਾ ਨੂੰ ਆਪ ਹੀ ਨਹੀ ਕੁਝ ਬਚਦਾ, ਤਾਂ ਉਹ ਸਾਨੂੰ ਵੀ ਕਿੱਥੋਂ ਦੇਣ, ਇਨ੍ਹਾਂ ਦੱਸਿਆ ਕਿ ਸਾਨੂੰ ਚਾਰ ਰੁਪਏ ਕਿੱਲੋ ਤੋਂ ਪੰਜ ਰੁਪਏ ਕਿਲੋ ਮਿਰਚਾਂ ਦੀ ਤੁੜਾਈ ਦੀ ਮਜ਼ਦੂਰੀ ਮਿਲਦੀ ਹੈ, ਅਸੀ ਕਰੀਬ ਵੱਧ ਤੋਂ ਵੱਧ ਜ਼ੋਰ ਲਾ ਕੇ ਕੜਕਦੀ ਧੁੱਪ 'ਚ ਮਸਾਂ ਤੀਹ ਤੋਂ ਪੈਂਤੀ ਕਿੱਲੋ ਦੇ ਕਰੀਬ ਮਿਰਚਾਂ ਤੋੜਾਂਗੇ, ਹੁਣ ਤੁਸੀ ਆਪ ਹੀ ਹਿਸਾਬ ਲਾ ਲਵੋ ਕਿ ਸਾਡੀ ਦਿਹਾੜੀ ਦੇ ਕਿੰਨੇ ਰੁਪਏ ਬਣੇ।