ਮਨੋਜ/ਸੰਦੀਪ, ਧੂਰੀ : ਹਲਕਾ ਧੂਰੀ ਤੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਬੇਨੜਾ, ਕਾਂਝਲਾ, ਬਾਲੀਆ, ਘਨੌਰੀ ਕਲਾਂ, ਮੀਮਸਾ ਅਤੇ ਸ਼ਹਿਰ ਦੇ ਵਾਰਡ ਨੰਬਰ 18, 19 ਅਤੇ 5 ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਗੋਲਡੀ ਨੂੰ ਯੂਥ ਕਾਂਗਰਸ ਦੇ ਦਿਨਾਂ ਤੋਂ ਜਾਣਦੇ ਹਨ। ਉਨ੍ਹ੍ਹਾਂ ਗੋਲਡੀ ਨੂੰ ਕਾਬਿਲ, ਮਿਹਨਤੀ ਅਤੇ ਹਲਕੇ ਨੂੰ ਸਮਰਪਿਤ ਆਗੂ ਦੱਸਦਿਆਂ ਹਲਕਾ ਨਿਵਾਸੀਆਂ ਨੂੰ ਗੋਲਡੀ ਦੀ ਪਿੱਠ ’ਤੇ ਹੱਥ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਗੋਲਡੀ ਤਜਰਬੇਕਾਰ ਸਿਆਸਤਦਾਨ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਤਕ ਜਾਵੇਗਾ। ਉਨ੍ਹਾਂ ਗੋਲਡੀ ਨੂੰ ਖ਼ਾਲਸ ਸੋਨਾ ਦੱਸਦਿਆਂ ਕਿਹਾ ਕਿ ਗੋਲਡੀ ਨੇ ਪਹਿਲਾਂ ਵਿਧਾਇਕ ਬਣ ਕੇ ਪੰਜਾਬ ਅਤੇ ਵਿਧਾਨ ਸਭਾ ਵਿੱਚ ‘ਧੂਰੀ ਹਲਕੇ’ ਦਾ ਨਾਮ ਚਮਕਾਇਆ ਹੈ। ਉਨ੍ਹਾਂ ਭਗਵੰਤ ਮਾਨ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਸੋਸ਼ਲ ਮੀਡੀਆ ’ਤੇ ਜ਼ਿਆਦਾ ਰੌਲਾ-ਰੱਪਾ ਪਾਉਣ ਵਾਲੀ ਪਾਰਟੀ ’ਚੋਂ ਹੈ। ਉਨਾਂ ਤੰਜ ਕੱਸਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ 100 ਸੀਟਾਂ ਦਾ ਦਾਅਵਾ ਕਰਨ ਵਾਲੀ ‘ਆਪ’ ਦੇ ਪੱਲੇ ਸਿਰਫ਼ 20 ਸੀਟਾਂ ਹੀ ਪਈਆਂ ਸਨ। ਉਨ੍ਹਾਂ ਭਗਵੰਤ ਮਾਨ ਨੂੰ ਨਕਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੋ ਵਾਰ ਸੰਸਦ ਮੈਂਬਰ ਬਣਨ ਤੋਂ ਬਾਅਦ ਕਦੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਨਹੀ ਹੋਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਝੂਠੀਆਂ ਕਸਮਾਂ ਖਾਣ ਦਾ ਆਦੀ ਹੈ ਅਤੇ ਝੂਠੀਆਂ ਕਸਮਾਂ ਖਾਣ ਵਾਲਿਆਂ ’ਤੇ ਲੋਕ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਅਕਾਲੀ ਦਲ ’ਤੇ ਸ਼ਬਦੀ ਹਮਲੇ ਕਰਦਿਆਂ ਅਕਾਲੀ ਦਲ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਅਕਾਲੀ ਦਲ ਨੂੰ ਬਾਦਲ ਦਲ ਕਹਿਣ ਦੀ ਗੱਲ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੋਵੇ ਅਤੇ ਡੀਜੀਪੀ ਸੁਮੇਧ ਸਿੰਘ ਸੈਣੀ ਹੋਵੇ, ਜਿਸ ਦੇ ਹੱਥ ਹਜ਼ਾਰਾਂ ਨਿਹੱਥੇ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਆਪਣੇ ਖ਼ਿਲਾਫ਼ ਈਡੀ ਖ਼ਿਲਾਫ਼ ਦਰਜ ਕੀਤੇ ਮੁੁਕੱਦਮੇ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਮੂਲੀਅਤ ਅਤੇ ਭਾਜਪਾ ਖ਼ਿਲਾਫ਼ ਬੋਲਣ ਦਾ ਨਤੀਜਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਜਿਸ ਕਾਰਨ ਉਨ੍ਹਾਂ ਨੂੰ 78 ਦਿਨ ਜੇਲ੍ਹ ਵਿੱਚ ਰਹਿਣਾ ਪਿਆ।

ਇਸ ਮੌਕੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਜਗਤਾਰ ਸਿੰਘ ਤਾਰਾ, ਕੁਲਵੰਤ ਸਿੰਘ ਭੰਤੀ ਆਦਿ ਵੀ ਹਾਜ਼ਰ ਸਨ।

Posted By: Sunil Thapa