ਕੁਲਦੀਪ ਸ਼ਰਮਾ, ਸੁਨਾਮ : ਸਮਾਜ ਸੇਵੀ ਅਤੇ ਐਡਵੋਕੇਟ ਮਨਪ੍ਰਰੀਤ ਸਿੰਘ ਨਮੋਲ ਵੱਲੋਂ ਵੋਟਰ ਬਨਾਮ ਵਿਧਾਇਕ ਦੀ ਅਗਵਾਈ ਹੇਠ ਮਾਰਚ ਕਰਨ ਉਪਰੰਤ ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੀ ਕੋਠੀ ਅੱਗੇ ਕਾਲੇ ਝੰਡਿਆਂ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਸਮੇਂ ਆਪਣੇ ਸਾਥੀਆਂ ਨਾਲ ਪੰਜਾਬ ਨੂੰ ਲੁੱਟਣਾ ਬੰਦ ਕਰੋ, ਹੱਕਾਂ ਦਾ ਪ੍ਰਬੰਧ ਕਰੋ ਦੇ ਨਾਅਰੇ ਵੀ ਬੁਲੰਦ ਕੀਤੇ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਮਨਪ੍ਰਰੀਤ ਸਿੰਘ ਨਮੋਲ ਨੇ ਆਖਿਆ ਕਿ ਇੱਕ ਪਾਸੇ ਤਾਂ ਲੋਕ ਕੋਰੋਨਾ ਮਹਾਮਾਰੀ ਨਾਲ ਬੂਰੀ ਤਰਾਂ੍ਹ ਜੂਝ ਰਹੇ ਹਨ ਪਰ ਦੂਜੇ ਪਾਸੇ ਸੁਨਾਮ ਹਲਕੇ ਦਾ ਵਿਧਾਇਕ ਬਾਬੂ ਅਮਨ ਅਰੋੜਾ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਆਪਣੇ ਹਲਕੇ ਨੂੰ ਛੱਡ ਕੇ ਠੰਢੇ ਦੇਸ਼ਾਂ ਦੀ ਸੈਰ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਦਾ ਵਿਦੇਸ਼ ਜਾਣਾ ਸਹੀ ਨਹੀਂ ਹੈ ਜਦਕਿ ਹਲਕੇ ਦੇ ਵੋਟਰਾਂ ਵੱਲੋਂ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਭੇਜਿਆ ਹੈ ਤੇ ਹਲਕੇ ਦੇ ਲੋਕਾਂ ਦੀ ਸਾਰ ਲੈਣ ਸਮੇਂ ਇੱਕਦਮ ਚਲੇ ਜਾਣਾ ਕਿਸ ਪੱਖੋਂ ਸਹੀ ਹੈ? ਉਹਨਾਂ ਕਿਹਾ ਕਿ ਜੇਕਰ ਅੌਖੇ ਸਮੇਂ ਲੋਕਾਂ ਦੀ ਸ਼ੁਧ ਲੈਣ ਤੋਂ ਭੱਜਣਾ ਹੀ ਸੀ ਤਾਂ ਇਹ ਲੋਕਤੰਤਰ ਨਹੀਂ ਠੋਕਤੰਤਰ ਲੱਗਦਾ ਹੈ। ਉਹਨਾਂ ਇਸ ਸਮੇਂ ਵਿਧਾਇਕ ਨੂੰ ਪੁੱਛੇ ਜਾਣ ਵਾਲੇ ਸੁਆਲਾਂ ਦੀ ਸੂਚੀ ਵੀ ਜਾਰੀ ਦਿਖਾਈ।

ਇਸ ਸਮੇਂ ਹਲਕਾ ਵਿਧਾਇਕ ਦੇ ਦਫਤਰ ਪ੍ਰਬੰਧਕਾਂ ਵੱਲੋਂ ਇਨ੍ਹਾਂ ਧਰਨਾਕਾਰੀਆਂ ਲਈ ਮਨੁੱਖਤਾ ਦਾ ਫਰਜ਼ ਅਦਾ ਕਰਦੇ ਹੋਏ ਪਾਣੀ ਆਦਿ ਦਾ ਵੀ ਪ੍ਰਬੰਧ ਵੀ ਕੀਤਾ ਗਿਆ। ਓਧਰ ਇਸ ਸਬੰਧੀ 'ਚ ਹਲਕਾ ਵਿਧਾਇਕ ਅਮਨ ਅਰੋੜਾ ਦੇ ਪੀਏ ਸਰਜੀਵਨ ਗੋਇਲ ਲੱਕੀ ਨੇ ਆਖਿਆ ਕਿ ਹਲਕਾ ਵਿਧਾਇਕ ਅਮਨ ਅਰੋੜਾ ਬੇਸ਼ੱਕ ਆਪਣੇ ਪਰਿਵਾਰਿਕ ਰੁਝੇਵਿਆਂ ਕਾਰਨ ਵਿਦੇਸ਼ ਗਏ ਹੋਏ ਹਨ ਪਰ ਉਹਨਾਂ ਦੀ ਗੈਰ-ਹਾਜ਼ਰੀ 'ਚ ਦਫਤਰ 'ਚ ਇਲਾਕੇ ਦੇ ਲੋਕਾਂ ਲਈ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਹਨ ਅਤੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲਾਂ ਵਾਂਗ ਹੱਲ ਕੀਤਾ ਜਾ ਰਿਹਾ ਹੈ ਅਤੇ ਵਿਧਾਇਕ ਹੋਣ ਦੇ ਨਾਤੇ ਜੋ ਉਹਨਾਂ ਦੇ ਅਧਿਕਾਰ ਖੇਤਰ 'ਚ ਸੇਵਾਵਾਂ ਆਉਂਦੀਆਂ ਹਨ ਉਹ ਬਾਖੂਬੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵਿੱਚ ਕੋਰੋਨਾ ਕਾਲ ਹੋਣ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਕੋਰੋਨਾ ਦਾ ਕਾਲ ਹੋਣ ਕਰਕੇ ਭਾਰਤ ਨੂੰ ਆਉਣ ਵਾਲੀਆਂ ਫਲਾਈਟਾਂ ਰੱਦ ਹੋਣ ਕਾਰਨ ਉਥੇ ਰੁੱਕੇ ਹੋਏ ਹਨ ਅਤੇ ਉਹ ਜਲਦ ਹੀ ਵਾਪਸ ਪਰਤ ਰਹੇ ਹਨ।