ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ ਅੰਦਰ ਐੱਚਆਈਵੀ ਏਡਜ਼ ਆਪਣੇ ਪੈਸ ਪਸਾਰ ਰਿਹਾ ਹੈ, ਜਿਸ ਦੇ ਚਲਦਿਆਂ ਤਿੰਨ ਮਹੀਨਿਆਂ 'ਚ 47 ਦੇ ਕਰੀਬ ਲੋਕ ਏਡਜ਼ ਨਾਲ ਗ੍ਸਤ ਪਾਏ ਗਏ। ਜਿਨ੍ਹਾਂ 'ਚ 30 ਮਰਦ, 17 ਅੌਰਤਾਂ ਤੇ 3 ਬੱਚੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਸਾਲ 'ਚ 60 ਤੋਂ 70 ਦੇ ਕਰੀਬ ਲੋਕ ਐੱਚਆਈਵੀ ਏਜ਼ਡ ਨਾਲ ਗ੍ਸਤ ਪਾਏ ਜਾਂਦੇ ਸਨ ਪਰ ਇਸ ਵਾਰ ਤਿੰਨ ਮਹੀਨਿਆਂ 'ਚ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ, ਜੋ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾ ਰਹੀ ਹੈ।

ਜਾਣਕਾਰੀ ਅਨੁਸਾਰ ਜੇਕਰ ਕਿਸੇ ਵੀ ਦਾ ਐੱਚਆਈਵੀ ਟੈਸਟ ਪਾਜ਼ੇਟਿਵ ਆ ਜਾਂਦਾ ਹੈ ਤਾਂ ਉਹ ਮਰਨ ਕਿਰਾਨੇ ਹੋ ਜਾਂਦੇ ਹਨ ਪਰ ਇਸ ਵਾਰ ਜ਼ਿਲ੍ਹੇ 'ਚ ਵਧੀ ਏਜਡ ਗ੍ਸਤ ਲੋਕਾਂ ਦੀ ਗਿਣਤੀ ਨੇ ਪ੍ਰਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਐੱਚਆਈਵੀ ਇਕ ਛੁਪਿਆ ਹੋਇਆ ਵਾਈਰਸ ਹੈ ਜੋ ਸਾਡੇ ਸਰੀਰ 'ਚ ਹੌਲੀ-ਹੌਲੀ ਕੰਮ ਕਰਦਾ ਹੈ, ਜਿਸ ਦੇ ਲੱਛਣਾਂ ਦਾ ਪਤਾ ਲੱਗਣ ਲਈ ਕਈ-ਕਈ ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। ਐੱਚਆਈਵੀ ਗ੍ਸਤ ਵਿਅਕਤੀ ਦਾ ਲਗਾਤਾਰ ਭਾਰ ਘੱਟ ਹੋਣ ਲੱਗ ਜਾਂਦਾ ਹੈ, ਉਸ ਨੂੰ ਬੁਖ਼ਾਰ, ਦਸਤ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਨਸ਼ਾ ਕਰਨ ਵਾਲੇ ਵਿਅਕਤੀ ਵਲੋਂ ਸੂਈਆਂ ਦੀ ਇਕ ਦੂਜੇ ਨਾਲ ਵਰਤੋਂ ਕਰਨ ਨਾਲ ਐੱਚਆਈਵੀ ਫੈਲਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਏਡਜ਼ ਗ੍ਸ਼ਤ ਲੋਕਾਂ ਦੀ ਗਿਣਤੀ 'ਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ, ਜਿਸ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਚੌਕਸ ਹੁੰਦਿਆਂ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਏਡਜ਼ ਗ੍ਸਤ ਲੋਕਾਂ ਦਾ ਸਹੀ ਇਲਾਜ ਨਾ ਹੋਣ ਕਾਰਨ ਉਨ੍ਹਾਂ ਨੂੰ ਦੂਸਰੇ ਹਸਪਤਾਲਾਂ 'ਚ ਰੈਫ਼ਰ ਕੀਤਾ ਜਾ ਰਿਹਾ ਹੈ।

-ਸਾਲ 2017-18 'ਚ 70 ਦੇ ਕਰੀਬ ਮਰੀਜ਼ ਐੱਚਆਈਵੀ ਗ੍ਸਤ

ਜ਼ਿਕਰਯੋਗ ਹੈ ਕਿ ਸਾਲ 2017-18 ਦੌਰਾਨ ਪੂਰੇ ਸਾਲ 'ਚ ਜ਼ਿਲ੍ਹੇ 'ਚ 70 ਦੇ ਕਰੀਬ ਐੱਚਆਈਵੀ ਏਡਜ਼ ਗ੍ਸਤ ਲੋਕ ਪਾਏ ਗਏ ਸਨ। ਪਰ ਇਸ ਵਾਰ ਅਪਰੈਲ, ਮਈ ਤੇ ਜੂਨ ਤਿੰਨ ਮਹੀਨਿਆਂ 'ਚ ਹੀ 47 ਲੋਕ ਐੱਚਆਈਵੀ ਪਾਜ਼ੇਟਿਵ ਪਾਏ ਗਏ। ਜਿਨ੍ਹਾਂ ਨੂੰ ਇਲਾਜ ਦੇ ਲਈ ਰੈਫ਼ਰ ਕੀਤਾ ਜਾ ਰਿਹਾ ਹੈ। ਇਹ ਗਿਣਤੀ ਪਿਛਲੇ ਸਾਲ ਨਾਲ ਕਾਫ਼ੀ ਜਿਆਦਾ ਹੈ।

-ਲੋਕਾਂ ਨੂੰ ਏਡਜ਼ ਪ੍ਰਤੀ ਕੀਤਾ ਜਾ ਰਿਹੈ ਜਾਗਰੂਕ : ਸਿਵਲ ਸਰਜਨ

ਇਸ ਸਬੰਧੀ ਜਦ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਜੇਲ੍ਹ 'ਚ ਨਵਾਂ ਕੈਦੀ ਆਉਂਦਾ ਹੈ ਤਾਂ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਸ ਮੀਡੀਆ ਵਿੰਗ ਵਲੋਂ ਏਡਜ ਪ੍ਰਤੀ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ, ਜਿਸ ਦੇ ਲਈ ਸੈਮੀਨਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਨਾਲ ਏਜ਼ਡ ਗ੍ਸਤ ਤਿੰਨ ਲੋਕ ਆਏ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਏਡਜ਼ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ।