ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ :

ਸਥਾਨਕ ਕਾਤਰੋਂ ਚੌਕ ਤੋਂ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਸੜਕ ਦਾ ਕੰਮ ਅੱਧ ਵਾਟੇ ਛੱਡੇ ਜਾਣ ਕਾਰਨ ਦੁਕਾਨਦਾਰਾਂ ਅਤੇ ਆਮ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦਈਏ ਕਿ ਪਿਛਲੇ ਮਹੀਨੇ ਵਿਵਾਦਾਂ 'ਚ ਰਹੀ ਇਹ ਸੜਕ ਦੇ ਨਿਰਮਾਣ ਸਮੇਂ ਠੇਕੇਦਾਰ ਵੱਲੋਂ ਸੜਕ ਦੇ ਦੋਵੇਂ ਕਿਨਾਰਿਆਂ ਤੇ ਮਾੜੀਆਂ ਇੱਟਾਂ ਲਗਾਉਣ ਦਾ ਮਾਮਲਾ ਧਰਨੇ ਵਿੱਚ ਤਬਦੀਲ ਹੋਇਆ ਸੀ। ਸੜਕ ਤੇ ਚੰਗਾ ਮਟੀਰੀਅਲ ਲਗਾਉਣ ਅਤੇ ਨਿਰਮਾਣ ਦਾ ਕੰਮ ਜਲਦ ਨੇਪਰੇ ਚਾੜ੍ਹਨ ਦੇ ਭਰੋਸੇ ਤੋਂ ਬਾਅਦ ਅਜੇ ਤੱਕ ਵੀ ਸੜਕ ਦਾ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ। ਨੌਜਵਾਨ ਆਗੂ ਰਣਜੀਤ ਸਿੰਘ ਸਿੱਧੂ, ਸਿਕੰਦਰ ਘਨੌਰ, ,ਗੁਰਮੀਤ ਸਿੰਘ ਬਾਜਵਾ ਅਤੇ ਹਰਵਿੰਦਰ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦਾ ਕੰਮ ਇੱਕ ਦਮ ਠੱਪ ਹੋਣ ਕਾਰਨ ਸੜਕ ਤੇ ਪਾਈ ਮਿੱਟੀ ਦੀ ਧੂੜ ਸਾਰਾ ਦਿਨ ਦੁਕਾਨਦਾਰਾਂ ਦੇ ਉੱਪਰ ਪੈਂਦੀ ਹੈ।ਮੀਂਹ ਪੈਣ ਕਾਰਨ ਦੁਕਾਨਾਂ ਅੱਗੇ ਪਾਣੀ ਖੜ੍ਹ ਜਾਂਦਾ ਹੈ ਅਤੇ ਬਣੇ ਚਿੱਕੜ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਗਾਹਕਾਂ ਉੱਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ। ਕਿਉਂਕਿ ਦੁਕਾਨਾਂ ਅੱਗੇ ਖੜ੍ਹੇ ਪਾਣੀ ਅਤੇ ਸੜਕ ਤੇ ਹੋਏ ਚਿੱਕੜ ਕਾਰਨ ਗਾਹਕ ਵੀ ਅੰਦਰ ਵੜਨ ਤੋਂ ਕੰਨੀ ਕਤਰਾਉਂਦੇ ਹਨ।ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਇਸ ਸੜਕ ਦਾ ਕੰਮ ਜਾਣ ਬੁੱਝ ਕੇ ਅੱਧ ਵਿਚਕਾਰ ਛੱਡ ਕੇ ਦੂਸਰੀਆਂ ਸੜਕਾਂ ਦੇ ਨਿਰਮਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ । ਇਸੇ ਤਰ੍ਹਾਂ ਫਲ ਵਿਕਰੇਤਾ ਸਿੰਦਰਪਾਲ ਨੇ ਦੱਸਿਆ ਕਿ ਉਸ ਦਾ ਕਾਤਰੋਂ ਚੌਕ ਨਜਦੀਕ ਫਲਾਂ ਦਾ ਕੰਮਕਾਜ ਹੈ ਪ੍ਰੰਤੂ ਸੜਕ ਤੇ ਪਈ ਮਿੱਟੀ ਬਾਰਿਸ ਕਾਰਨ ਉਨ੍ਹਾਂ ਦੇ ਦੁਕਾਨ ਅੱਗੇ ਚਿੱਕੜ ਬਣਾ ਦਿੰਦੀ ਹੈ। ਜਿਸ ਕਰਕੇ ਉਨ੍ਹਾਂ ਦੋ ਦਿਨ ਤੋਂ ਆਪਣੀ ਦੁਕਾਨਦਾਰੀ ਬੰਦ ਕਰ ਦਿੱਤੀ ਹੈ। ਇਸੇ ਤਰ੍ਹਾਂ ਬੀਕਾਨੇਰ ਮਿਸਠਾਨ ਭੰਡਾਰ ਦੇ ਮਾਲਕ ਪਿੰਕੂ ਨੇ ਦੱਸਿਆ ਕਿ ਸੜਕ ਦੇ ਅੱਧ ਵਿਚਕਾਰ ਲਟਕੇ ਨਿਰਮਾਣ ਕਾਰਨ ਸੜਕ ਤੇ ਸਾਰਾ ਦਿਨ ਉੱਡ ਰਹੀ ਧੂੜ ਕਾਰਨ ਉਹ ਕਾਫੀ ਪ੍ਰਰੇਸਾਨ ਹਨ। ਸ਼ੇਰਪੁਰ ਵਾਸੀਆਂ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਨੂੰ ਜਲਦੀ ਹੀ ਨੇਪਰੇ ਚਾੜਿ੍ਹਆ ਜਾਵੇ।

====

ਮੌਸਮ ਦੀ ਖਰਾਬੀ ਕਾਰਨ ਕੰਮ ਬੰਦ ਹੈ: ਲੇਬਰ ਠੇਕੇਦਾਰ

ਜਦੋਂ ਇਸ ਮਾਮਲੇ ਸਬੰਧੀ ਲੇਬਰ ਠੇਕੇਦਾਰ ਪੱਪੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਕਾਰਨ ਸੜਕ ਦਾ ਕੰਮ ਬੰਦ ਕੀਤਾ ਗਿਆ ਸੀ। ਥੋੜ੍ਹੇ ਦਿਨਾਂ ਬਾਅਦ ਹੀ ਮੌਸਮ ਸਾਫ ਹੋਣ ਤੋਂ ਬਾਅਦ ਸੜਕ ਤੇ ਮਟੀਰੀਅਲ ਪਾ ਕੇ ਇਸ ਨੂੰ ਚਾਲੂ ਕੀਤਾ ਕਰ ਦਿੱਤਾ ਜਾਵੇਗਾ।