ਮਨੋਜ ਕੁਮਾਰ, ਧੂਰੀ : ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪਵਨ ਹਰਚੰਦਪੁਰੀ ਦੇ ਬਾਲ ਨਾਵਲ 'ਏਲੀਅਨਜ਼ ਦੀ ਧਰਤੀ 'ਤੇ' ਨੂੰ ਕੌਮੀ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਗਿਆ ਹੈ ਤੇ 14 ਨਵੰਬਰ ਨੂੰ ਬਾਲ ਦਿਵਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਦਾ ਜਨਮ ਧੂਰੀ ਦੇ ਨੇੜਲੇ ਪਿੰਡ ਹਰਚੰਦਪੁਰਾ ਵਿਖੇ ਪਹਿਲੀ ਅਪ੍ਰੈਲ 1956 ਨੂੰ ਪਿਤਾ ਪ੍ਰਕਾਸ਼ ਚੰਦ ਸ਼ਰਮਾ ਦੇ ਘਰ ਮਾਤਾ ਕਲਾਵੰਤੀ ਦੀ ਕੁੱਖੋਂ ਹੋਇਆ। ਪਿੰਡ ਦੇ ਸਰਕਾਰੀ ਸਕੂਲ 'ਚੋਂ ਪੰਜਵੀਂ ਤੱਕ ਪੜ੍ਹਾਈ ਕਰਨ ਉਪਰੰਤ ਇਨ੍ਹਾਂ ਧੂਰੀ ਦੇ ਖ਼ਾਲਸਾ ਸਕੂਲ 'ਚੋਂ ਦਸਵੀਂ ਪਾਸ ਕੀਤੀ। ਉਪਰੰਤ ਇਨ੍ਹਾਂ ਬੀਏ ਤੇ ਐੱਮਏ (ਅਰਥਸ਼ਾਸਤਰ) ਸਰਕਾਰੀ ਕਾਲਜ ਮਲੇਰਕੋਟਲਾ ਤੋਂ ਪਾਸ ਕੀਤੀ ਤੇ ਜਨ ਸੰਚਾਰ 'ਚ ਮਾਸਟਰ ਡਿਗਰੀ ਵੀ ਪਹਿਲੇ ਦਰਜੇ 'ਚ ਪਾਸ ਕੀਤੀ। ਉੱਘੇ ਗ਼ਜ਼ਲਗੋ ਜਨਾਬ ਮਹਿੰਦਰ ਸਿੰਘ ਮਾਨਵ ਨੂੰ ਆਪਣਾ ਸਾਹਿਤਕ ਗੁਰੂ ਧਾਰ ਕੇ ਸਾਹਿਤ ਰਚਨਾ ਸ਼ੁਰੂ ਕੀਤੀ ਤੇ ਇਨ੍ਹਾਂ ਦੀਆਂ ਸੈਂਕੜੇ ਰਚਨਾਵਾਂ ਅਖ਼ਬਾਰਾਂ ਤੇ ਰਸਾਲਿਆਂ 'ਚ ਛਪਦੀਆਂ ਰਹੀਆਂ। 2006 'ਚ ਇਨ੍ਹਾਂ ਦੀ ਪਹਿਲੀ ਪੁਸਤਕ ਮਹਾਂਕਾਵਿ 'ਜਨਮ-ਏ-ਖ਼ਾਲਸਾ' ਪ੍ਰਕਾਸ਼ਿਤ ਹੋਈ। ਇਨ੍ਹਾਂ ਸਾਲ 2007 'ਚ ਆਪਣਾ ਗੀਤ ਸੰਗ੍ਰਹਿ 'ਸਤਲੁਜ ਬੋਲਦਾ ਹੈ' ਛਪਵਾਇਆ। ਇਨ੍ਹਾਂ ਨੇ ਅਖੰਡ ਕਾਵਿ 'ਚਿੰਤਨ 'ਚੋਂ ਉੱਗੇ ਸ਼ਬਦ' ਦੀ ਰਚਨਾ ਵੀ ਕੀਤੀ। ਇਸ ਤਰ੍ਹਾਂ 5 ਪ੍ਰੋੜ ਸਾਹਿਤ ਦੀਆਂ ਕਿਤਾਬਾਂ ਲਿਖੀਆਂ। ਇਨ੍ਹਾਂ ਨੇ 14 ਬਾਲ ਸਾਹਿਤ ਪੁਸਤਕਾਂ ਦੀ ਰਚਨਾ ਵੀ ਕੀਤੀ, ਜਿਨ੍ਹਾਂ 'ਚੋਂ 'ਪੰਛੀਆਂ ਦੀ ਪੰਚਾਇਤ' ਨੂੰ 2012-13 ਵਿਚ ਭਾਸ਼ਾ ਵਿਭਾਗ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਬਾਲ ਪੁਰਸਕਾਰ ਨਾਲ ਨਿਵਾਜਿਆ ਗਿਆ। ਬਾਲ ਸਾਹਿਤ ਅਲੋਚਨਾ ਦੀ ਪਹਿਲੀ ਪੁਸਤਕ 'ਪੰਜਾਬੀ ਬਾਲ ਸਾਹਿਤ: ਸਥਿਤੀ, ਸੇਧਾਂ ਤੇ ਮੁਲਾਂਕਣ' ਦੀ ਵੀ ਇਨ੍ਹਾਂ ਨੇ ਸੰਪਾਦਨਾ ਕੀਤੀ। ਚਾਰ ਬਾਲ ਕਹਾਣੀਆਂ ਦੀਆਂ ਹਿੰਦੀ ਪੁਸਤਕਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਇਨ੍ਹਾਂ ਨੇ 12 ਪ੍ਰਮੁੱਖ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ, ਜਿਨ੍ਹਾਂ ਵਿਚ ਤਿੰਨ ਅਭਿਨੰਦਨ ਗ੍ਰੰਥ, ਦੋ ਅਖਾਣ ਕੋਸ਼ ਤੇ ਮੁਹਾਵਰਾ ਕੋਸ਼ ਜੋ ਪਹਿਲੀ ਵਾਰ ਪੰਜਾਬੀ ਤੇ ਅੰਗਰੇਜ਼ੀ 'ਚ ਛਪੇ ਹਨ। ਇਨ੍ਹਾਂ ਦੀਆਂ ਦੋ ਬਾਲ ਪੁਸਤਕਾਂ ਤੇ ਤਿੰਨ ਕਾਵਿ ਪੁਸਤਕਾਂ ਛਪਾਈ ਅਧੀਨ ਹਨ। ਇਨ੍ਹਾਂ ਦੀ ਲੰਮੀ ਮੁਲਾਕਾਤ ਦੀ ਕਿਤਾਬ 'ਚ ਇੱਕ ਸੌ ਇੱਕ ਸਵਾਲ ਹਨ, ਜਿਸ ਦੀ ਸੰਪਾਦਨਾ ਕਰਤਾਰ ਸਿੰਘ ਠੁੱਲੀਵਾਲ ਨੇ ਕੀਤੀ ਹੈ।

ਬਾਲ ਮਨਾਂ 'ਚ ਵਿਗਿਆਨਕ ਚੇਤਨਾ ਪੈਦਾ ਕਰਨਾ ਹੈ ਮਕਸਦ

ਪਵਨ ਹਰਚੰਦਪੁੁਰੀ ਇਸ ਸਮੇਂ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਹੋਏ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸਮਰਪਿਤ ਹਨ। ਉਨ੍ਹਾਂ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਇਸ ਫ਼ੈਸਲੇ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਸ ਨਾਵਲ ਦਾ ਮਕਸਦ ਬਾਲ ਮਨਾਂ 'ਚ ਵਿਗਿਆਨਕ ਚੇਤਨਾ ਪੈਦਾ ਕਰਨਾ ਸੀ ਤੇ ਉਹ ਅੱਗੇ ਤੋਂ ਵੀ ਅਜਿਹੀਆਂ ਰਚਨਾਵਾਂ ਰਚਦੇ ਰਹਿਣਗੇ।