ਨਵਦੀਪ ਸੇਖਾ, ਬਰਨਾਲਾ : ਜ਼ਿਲ੍ਹਾ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਪਟਵਾਰੀ ਸੁਰਜੀਤ ਸਿੰਘ ਵਾਸੀ ਭੀਖੀ ਮਾਨਸਾ ਨੂੰ ਉੱਪ ਜ਼ਿਲ੍ਹਾ ਅਟਾਰਨੀ ਅਸੀਮ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਚਾਰ ਸਾਲ ਦੀ ਸਜ਼ਾ ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਪੰਧੇਰ ਜ਼ਿਲ੍ਹਾ ਬਰਨਾਲਾ ਦੇ ਪੁਰਾਣੇ ਖਾਲ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਤੋੜ ਦਿੱਤਾ ਸੀ। ਸੁਖਵਿੰਦਰ ਸਿੰਘ ਨੇ ਖਾਲ ਫਿਰ ਤੋਂ ਬਣਾਉਣ ਲਈ ਮੰਡਲ ਅਫ਼ਸਰ ਮਾਨਸਾ ਮੰਡਲ ਆਈਬੀ ਜਵਾਹਰ ਕੇ ਮਾਨਸਾ ਨੂੰ ਪੱਤਰ ਦਿੱਤਾ ਸੀ ਤਾਂ ਨਹਿਰੀ ਪਟਵਾਰੀ ਸੁਰਜੀਤ ਸਿੰਘ ਨੇ ਸੁਖਵਿੰਦਰ ਸਿੰਘ ਤੋਂ 10 ਹਜ਼ਾਰ ਰੁਪਏ ਰਿਸ਼ਵਤ ਰਿਪੋਰਟ ਬਣਾਉਣ ਦੇ ਨਾਂ 'ਤੇ ਮੰਗੀ। ਇਸ ਮਾਮਲੇ 'ਚ ਵਿਜੀਲੈਂਸ ਨੇ ਪਟਵਾਰੀ ਸੁਰਜੀਤ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਕਾਬੂ ਕਰ ਲਿਆ ਸੀ। ਅੱਜ ਜ਼ਿਲ੍ਹਾ ਸੈਸ਼ਨ ਜੱਜ ਅਰੁਣ ਗੁਪਤਾ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਟਵਾਰੀ ਸੁਰਜੀਤ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।