ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਅਕਾਲੀ ਦਲ ਦੇ ਨਹੀਂ, ਉਹ ਬਾਦਲ ਦਲ ਦੇ ਵਿਰੋਧੀ ਸਨ। ਅਸੀਂ ਉਨ੍ਹਾਂ ਤੋਂ ਸਹਿਯੋਗ ਦੀ ਆਸ ਲੈ ਕੇ ਆਏ ਹਾਂ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਆਪਣੇ ਸੱਜਣਾਂ, ਵਰਕਰਾਂ ਨਾਲ ਮੀਟਿੰਗ ਦੌਰਾਨ ਸਾਨੂੰ ਸਾਥ ਦੇਣਗੇ।

ਇਹ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵਿਰਕ ਕੰਪਲੈਕਸ 'ਚ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨਾਲ ਮਿਲਣੀ ਦੌਰਾਨ ਕੀਤਾ। ਉਨ੍ਹਾਂ ਬਾਦਲਾਂ 'ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੇ ਸੂਬਾ ਪੱਧਰੀ ਰੈਲੀ ਸੰਗਰੂਰ 'ਚ ਕੀਤੀ ਹੈ, ਜਿਸ ਦਾ ਜਵਾਬ ਸਾਡੀ ਸੰਗਰੂਰ ਜ਼ਿਲ੍ਹਾ ਪੱਧਰੀ ਰੈਲੀ ਦੇਵੇਗੀ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪਾਰਟੀ ਦੇ ਸਿਧਾਂਤਾਂ ਤੋਂ ਪਿੱਛੇ ਹੱਟ ਕੇ ਪਾਰਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਨਿੱਜੀ ਕੰਪਨੀ ਦੇ ਤੌਰ 'ਤੇ ਵਰਤਣ ਲੱਗਾ ਹੈ, ਜਿਸ ਕਾਰਨ ਅਸੀਂ ਉਸ ਤੋਂ ਵੱਖਰੇ ਹੀ ਨਹੀਂ ਹੋਏ, ਬਲਕਿ ਹੋਰ ਕਈ ਆਗੂ ਸਾਡੇ ਨਾਲ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣਗੇ।

ਉਨ੍ਹਾਂ ਅਕਾਲੀ-ਭਾਜਪਾ ਗਠਜੋੜ ਨੂੰ ਮਜ਼ਬੂਤ ਨਹੀਂ ਸਗੋਂ ਮਜਬੂਰ ਗੱਠਜੋੜ ਦੱਸਿਆ। ਉਨ੍ਹਾਂ ਕਿਹਾ ਕਿ 9 ਸਾਲਾਂ ਤੋਂ ਐੱਸਜੀਪੀਸੀ ਦੀ ਚੋਣ ਬਾਦਲਾਂ ਨੇ ਕਿਉਂ ਨਹੀਂ ਕਰਵਾਈ। ਇਸ ਲਈ ਉਹ ਖ਼ੁਦ ਮਤਾ ਲਿਖ ਕੇ ਕੇਂਦਰ ਨੂੰ ਭੇਜਣਗੇ ਤੇ ਐੱਸਜੀਪੀਸੀ ਦੀਆਂ ਚੋਣਾਂ ਕਰਵਾਉਣਗੇ।

ਦਿਆਲ ਸਿੰਘ ਲਾਹੌਰੀਆ ਨੂੰ ਮਿਲੀ ਪੈਰੋਲ 'ਤੇ ਉਨ੍ਹਾਂ ਕਿਹਾ ਕਿ ਸਾਰੇ ਹੀ ਸਿੱਖ ਬੰਦੀਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ ਸਜ਼ਾ ਰੱਦ ਕਰ ਕੇ ਉਮਰ ਕੈਦ 'ਚ ਤਬਦੀਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮੰਗਾਂ ਸਬੰਧੀ ਖ਼ੁਦ ਵੀ ਕੇਂਦਰ ਨੂੰ ਅਪੀਲ ਕਰਨਗੇ। ਉਨ੍ਹਾਂ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਹਾਲਤ ਪਤਲੀ ਵੇਖ ਪ੍ਰਕਾਸ਼ ਸਿੰਘ ਬਾਦਲ ਨੂੰ ਪੂਰੇ ਪੰਜਾਬ 'ਚ ਰੈਲੀਆਂ ਕਰਨ ਨੂੰ ਮਜਬੂਰ ਹੋਣਾ ਪਿਆ ਹੈ।

ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਜਦੋਂ ਅਕਾਲੀ ਦਲ ਦੇ ਪ੍ਰਧਾਨ ਸਨ, ਤਾਂ ਉਨ੍ਹਾਂ ਤੋਂ ਵੱਖ ਹੋ ਕੇ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਅਕਾਲੀ ਸਿਧਾਂਤਾਂ 'ਤੇ ਤੁਰੇ ਸਨ, ਉਸੇ ਤਰ੍ਹਾਂ ਹੀ ਅਸੀਂ ਅੱਜ ਉਨ੍ਹਾਂ ਤੋਂ ਵੱਖ ਹੋ ਕੇ ਪਾਰਟੀ ਦੇ ਸਿਧਾਂਤਾਂ ਨੂੰ ਬਚਾਉਣ ਲਈ ਵੱਖ ਹੋਏ ਹਾਂ ਤੇ ਲੋਕ ਸਾਡੇ ਨਾਲ ਜੁੜ ਰਹੇ ਹਨ।

ਇਸ ਮੌਕੇ ਵਿਰਕ ਕੰਪਲੈਕਸ 'ਚ ਵਿਰਕ ਭਰਾ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਹਰਪਾਲ ਸਿੰਘ ਵਿਰਕ, ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਸੁਰਿੰਦਰ ਸਿੰਘ ਆਹਲੂਵਾਲੀਆ, ਕਲਵੀਰ ਸਿੰਘ ਗਹਿਲ, ਕੁਲਵਿੰਦਰ ਸਿੰਘ ਆੜ੍ਹਤੀਆ ਚੰਨਣਵਾਲ, ਸੁਖਪਾਲ ਸਿੰਘ ਮਨਾਲ, ਨਛੱਤਰ ਸਿੰਘ ਫਰਵਾਹੀ, ਕਾਕਾ ਸਿੰਘ ਫਰਵਾਹੀ, ਅਜਮੇਰ ਸਿੰਘ ਜਲੂਰ, ਕਰਮਜੀਤ ਸਿੰਘ ਠੁੱਲ੍ਹੇਵਾਲ, ਨੈਬ ਸਿੰਘ ਪੱਖੋਂ ਕਲਾਂ, ਭੋਲਾ ਸਿੰਘ ਚੰਨਣਵਾਲ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।

'ਸੁਖਬੀਰ ਸੁਣਾ ਰਹੇ ਤਾਨਾਸ਼ਾਹੀ ਫ਼ੈਸਲੇ'

ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ 23 ਫਰਵਰੀ ਦੀ ਸੰਗਰੂਰ ਰੈਲੀ ਦੀ ਤਿਆਰੀ ਸਬੰਧੀ ਦਿੜ੍ਹਬਾ ਵਿਖੇ ਸਾਬਕਾ ਐੱਮਸੀ ਸੰਤਾ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ। ਇੱਥੇ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਹੀਣ ਬਣਾ ਦਿੱਤਾ ਹੈ।

ਕੋਈ ਫ਼ੈਸਲਾ ਲੈਣ ਲਈ ਵਰਕਰਾਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਜਾਂਦਾ, ਸਗੋਂ ਤਾਨਾਸ਼ਾਹੀ ਫ਼ੈਸਲੇ ਸੁਣਾਏ ਜਾਂਦੇ ਹਨ, ਜਿਸ ਕਰ ਕੇ ਪਾਰਟੀ ਦੇ ਆਗੂ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਹਨ। ਬਾਦਲ ਪਰਿਵਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਰਹੇ ਹਨ। ਸੰਗਰੂਰ ਵਿਖੇ 23 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਵਿਚ ਲੋਕ ਆਪ ਮੁਹਾਰੇ ਪੁੱਜਣਗੇ।